ਮਹਿਲਕਲਾਂ 22 ਮਈ (ਮਨਿੰਦਰ ਸਿੰਘ)

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪਾ ਹਕੂਮਤ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜਗਰਾਓਂ ਵਿਖੇ ਕਿਸਾਨ – ਮਜ਼ਦੂਰ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ।

ਇਸ ਸਮੇਂ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ ਅਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਮੋਦੀ ਹਕੂਮਤ ਸਾਮਰਾਜੀ ਤਾਕਤਾਂ ਦੇ ਪਿੱਠੂ ਬਣਕੇ ਕਿਸਾਨ – ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ।

ਮੋਦੀ ਹਕੂਮਤ ਨੇ ਤਿੰਨ ਖੇਤੀ ਵਿਰੋਧੀ ਕਾਨੂੰਨ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।

ਐਸਕੇਐਮ ਮੋਦੀ ਹਕੂਮਤ ਖ਼ਿਲਾਫ਼ ਲਗਾਤਾਰ ਸੰਘਰਸ਼ ਨੂੰ ਵਿਆਪਕ ਅਤੇ ਤੇਜ਼ ਕਰ ਰਿਹਾ ਹੈ।

ਇਸੇ ਪੜਾਅ ਦੀ ਕੜੀ ਵਜੋਂ ਹੀ ਕਿਸਾਨ -ਮਜਦੂਰ ਮਹਾਂ ਰੈਲੀ ਕੀਤੀ ਜਾ ਰਹੀ ਹੈ।

ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਭਾਜਪਾ ਹਰਾਓ, ਕਾਰਪੋਰੇਟ ਭਜਾਓ ,ਦੇਸ਼ ਬਚਾਓ ਤਹਿਤ ਸਵਾਲ ਪੁੱਛੇ ਜਾ ਰਹੇ ਹਨ।

ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਜਿਹੇ ਭਾਜਪਾ ਦੇ ਵੱਡੇ ਖੈਰਖੁਆਹ ਸ਼ਰੇਆਮ ਕਿਸਾਨਾਂ ਨੂੰ ਧਮਕੀਆਂ ਦੇਣ ਤੇ ਉਤਾਰੂ ਹੋਏ ਪਏ ਹਨ।

ਇਹ ਭਾਜਪਾ ਦੀ ਬੁਖਲਾਹਟ ਦਾ ਸਿੱਟਾ ਹੈ।

ਆਗੂਆਂ ਕਿਹਾ ਕਿ ਇਹ ਨਵੀਂ ਚੁਣੌਤੀ ਨਹੀਂ ਸਗੋਂ ਜਦੋਂ ਵੀ ਸੰਘਰਸ਼ਾਂ ਦੀ ਧਾਰ ਹਕੂਮਤ ਖ਼ਿਲਾਫ਼ ਤਿੱਖੀ ਹੋਈ ਹੈ, ਤਿਉਂ ਤਿਉਂ ਬੁਖਲਾਏ ਹੋਏ ਹਾਕਮ ਅਜਿਹੀਆਂ ਸਾਜ਼ਿਸ਼ਾਂ ਰਚਦੇ ਆਏ ਹਨ।

ਜਥੇਬੰਦਕ ਸੰਘਰਸ਼ਸ਼ੀਲ ਲੋਕ ਅਜਿਹੀਆਂ ਸਾਜ਼ਿਸ਼ਾਂ ਦਾ ਜਵਾਬ ਦਿੰਦੇ ਆਏ ਹਨ, ਹੁਣ ਵੀ ਇਨ੍ਹਾਂ ਨੂੰ ਲੋਕ ਤਾਕਤ ਦੇ ਨਾਲ ਮਜ਼ਾ ਚਖਾਇਆ ਜਾਵੇਗਾ।

ਇਸ ਸਮੇਂ ਸਤਨਾਮ ਸਿੰਘ ਮੂੰਮ, ਜੱਗਾ ਸਿੰਘ ਮਹਿਲਕਲਾਂ, ਪ੍ਰੀਤਮ ਸਿੰਘ ਮਹਿਲਕਲਾਂ, ਬਲਵੀਰ ਸਿੰਘ ਮਨਾਲ, ਜਗਰੂਪ ਸਿੰਘ ਗਹਿਲ, ਅੰਗਰੇਜ਼ ਸਿੰਘ ਰਾਏਸਰ, ਜੱਗੀ ਸਿੰਘ ਰਾਏਸਰ ਆਦਿ ਆਗੂਆਂ ਨੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।

Posted By SonyGoyal

Leave a Reply

Your email address will not be published. Required fields are marked *