ਮੀਤ ਹੇਅਰ ਨੇ ਸ਼ਹੀਦਾਂ ਦਾ ਅਪਮਾਨ ਕਰਨ ਲਈ ਸਿਮਰਨਜੀਤ ਸਿੰਘ ਮਾਨ ਨੂੰ ਘੇਰਿਆ
ਸ਼ਹਿਣਾ ਵਿੱਚ ਪਹਿਲੀ ਵਾਰ ਆਪ ਸਰਕਾਰ ਨੇ ਸਰਕਾਰੀ ਪੱਧਰ ‘ਤੇ ਮਨਾਇਆ ਬਲਵੰਤ ਗਾਰਗੀ ਦਾ ਜਨਮ ਦਿਨ
ਮਨਿੰਦਰ ਸਿੰਘ, ਸ਼ਹਿਣਾ
27 ਮਈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੇਤ ਸਾਰੇ ਆਜ਼ਾਦੀ ਘੁਲਾਟੀਏ ਸਾਡੀ ਪੂੰਜੀ ਹਨ ਅਤੇ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲਗਾਤਾਰ ਯਤਨਸ਼ੀਲ ਹੈ। ਬੀਤੀ ਸ਼ਾਮ ਵਿਧਾਨ ਸਭਾ ਹਲਕਾ ਭਦੌੜ ਦੇ ਦੌਰੇ ਦੌਰਾਨ ਪਿੰਡ ਸ਼ਹਿਣਾ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਅੱਜ ਪਿੰਡਾਂ ਤੇ ਕਸਬਿਆਂ ਵਿੱਚ ਸ਼ਹੀਦ ਭਗਤ ਸਿੰਘ ਕਲੱਬ, ਸ਼ਹੀਦ ਭਗਤ ਸਿੰਘ ਚੌਕ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਬਣਾਏ ਗਏ ਹਨ।ਸਾਨੂੰ ਸ਼ਹੀਦਾਂ ਦੇ ਨਕਸ਼ੇ ਕਦਮ ‘ਤੇ ਚੱਲਣਾ ਚਾਹੀਦਾ ਹੈ।
ਮੀਤ ਹੇਅਰ ਨੇ ਕਿਹਾ ਕਿ ਸਾਡੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਬਾਰੇ ਅਪਮਾਨਜਨਕ ਭਾਸ਼ਾ ਬੋਲ ਕੇ ਸਾਰੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਅਜਿਹੇ ਗੁੰਮਰਾਹਕੁੰਨ ਆਗੂਆਂ ਤੋਂ ਬਚਣ ਦੀ ਲੋੜ ਹੈ ਜਿਨ੍ਹਾਂ ਦਾ ਕੰਮ ਨੌਜਵਾਨਾਂ ਨੂੰ ਭੜਕਾਉਣਾ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ‘ਚ ਕੋਈ ਮੁੱਦਾ ਨਹੀਂ ਉਠਾਇਆ ਅਤੇ ਰਾਸ਼ਟਰਪਤੀ ਚੋਣਾਂ ‘ਚ ਭਾਜਪਾ ਉਮੀਦਵਾਰ ਨੂੰ ਵੋਟ ਪਾਈ ਅਤੇ ਕਿਸਾਨਾਂ ਪ੍ਰਤੀ ਅਪਸ਼ਬਦ ਵੀ ਵਰਤੇ | ਮੀਤ ਹੇਅਰ ਨੇ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਚੋਣਾਂ ਵਿੱਚ ਬਾਹਰੀ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੱਤਾ।
ਮੀਤ ਹੇਅਰ ਨੇ ਕਿਹਾ ਕਿ ਪਿੰਡ ਸ਼ਹਿਣਾ ਵਿੱਚ ਜਨਮੇ ਬਲਵੰਤ ਗਾਰਗੀ ਨੇ ਸਾਹਿਤ ਜਗਤ ਵਿੱਚ ਨਾਮ ਕਮਾਇਆ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਜਨਮ ਭੂਮੀ ਦੀ ਸੰਭਾਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਹਿਲੀ ਵਾਰ ਸ਼ਹਿਣਾ ਵਿੱਚ ਬਲਵੰਤ ਗਾਰਗੀ ਦਾ ਜਨਮ ਦਿਨ ਸਰਕਾਰੀ ਪੱਧਰ ’ਤੇ ਮਨਾਇਆ। ਇਸ ਤੋਂ ਇਲਾਵਾ ਸਕੂਲ ਦਾ ਨਾਂ ਬਲਵੰਤ ਗਾਰਗੀ ਦੇ ਨਾਂ ’ਤੇ ਰੱਖਿਆ ਗਿਆ। ਪਿੰਡ ਵਿੱਚ ਨਹਿਰੀ ਖਾਲ ਵਿਛਾਉਣ ਲਈ ਫੰਡ ਅਲਾਟ ਕੀਤੇ ਗਏ। ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ।
ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।