ਮਨਿੰਦਰ ਸਿੰਘ, ਬਰਨਾਲਾ

ਸ਼ਹਿਰ ’ਚ ਬੂਟਾਂ ਦੇ ਇਕ ਕਾਰੋਬਾਰੀ ਤੋਂ ਇਕ ਗੈਂਗਸਟਰ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਬੂਟਾਂ ਦੇ ਵਪਾਰੀ ਕਮਲ ਜਿੰਦਲ ਨੂੰ ਇਕ ਵਿਦੇਸ਼ੀ ਨੰਬਰ ਤੋਂ ਵੱਟਸਐੱਪ ’ਤੇ ਧਮਕੀ ਭਰੇ ਮੈਸੇਜ ਤੇ ਫ਼ੋਨ ਆਏ ਸਨ ਤੇ ਡੇਢ ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਸਬੰਧੀ ਵਪਾਰੀ ਵਲੋਂ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਥਾਣਾ ਸਿਟੀ-1 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 ਦੇ ਮੁਖੀ ਇੰਸ. ਬਲਜੀਤ ਸਿੰਘ ਢਿੱਲੋਂ ਤੇ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਗਈ। ਜਦੋਂ ਫ਼ਿਰੌਤੀ ਲੈਣ ਵਾਲੇ ਤੈਅ ਸਮੇਂ ਤੇ ਥਾਂ ’ਤੇ ਫ਼ਿਰੌਤੀ ਦੀ ਰਾਸ਼ੀ ਲੈਣ ਆਏ ਤਾਂ ਪਹਿਲਾਂ ਤੋਂ ਹੀ ਘਾਤ ਲਗਾਕੇ ਖੜ੍ਹੀ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਫ਼ਿਰੌਤੀ ਦੀ ਰਾਸ਼ੀ ਤੇ ਕਾਰ ਸਣੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਹਿਚਾਣ ਵਿਸ਼ਾਲਦੀਪ ਸ਼ਰਮਾ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਹੈੱਪੀ ਵਾਸੀ ਗੋਬਿੰਦਵਾਲ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਪਾਸੋ ਇੱਕ ਕਾਰ ਕਰੇਟਾ ਸਮੇਤ ਇੱਕ ਬੈਗ ਜਿਸ ’ਚ 500/500 ਰੁਪਏ ਦੀਆ ਗੱਥੀਆਂ ਡੁਪਲੀਕੇਟ ਤੇ ਇੱਕ ਮੋਬਾਇਲ ਫੋਨ ਬ੍ਰਾਮਦ ਕਰਵਾਇਆ ਗਿਆ। ਅਗਲੇਰੀ ਪੜ੍ਹਤਾਲ ਦੌਰਾਨ ਸਾਹਮਣੇ ਆਇਆ ਕਿ ਕੈਨੇਡਾ ’ਚੋਂ ਇਹ ਫ਼ੋਨ ਕਾਲਾਂ ਗੁਰਦੀਪ ਸਿੰਘ ਸ਼ੇਰਗਿੱਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਨਗਰ ਛੰਨਾਂ, ਜ਼ਿਲ੍ਹਾ ਸੰਗਰੂਰ ਹਾਲ ਆਬਾਦ ਕੈਨੇਡਾ ਤੇ ਮਨਜਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦੀਦਾਰਗੜ੍ਹ, ਜ਼ਿਲ੍ਹਾ ਸੰਗਰੂਰ ਹਾਲ ਆਬਾਦ ਕੈਨੇਡਾ ਵਲੋਂ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇੰਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਵੀ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਐੱਲਓਸੀ ਤੇ ਰੈਡ ਕਾਰਨਰ ਨੋਟਿਸ ਜਾਰੀ ਕਰਵਾਕੇ ਇੰਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।