ਬਰਨਾਲਾ, 03 ਸਤੰਬਰ ( ਮਨਿੰਦਰ ਸਿੰਘ )
ਸਿੱਖਿਆ ਵਿਭਾਗ ਦੇ ਮੈਡਮ ਨੀਰਜਾ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਦਾ ਅਹੁਦਾ ਸੰਭਾਲ ਲਿਆ ਗਿਆ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਇੰਦੂ ਸਿਮਕ ਅਤੇ ਡਿਪਟੀ ਡੀਈਓ (ਸੈਕੰਡਰੀ) ਬਰਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡਿਪਟੀ ਡੀਈਓ ਮੈਡਮ ਨੀਰਜਾ ਦਾ ਸਵਾਗਤ ਕੀਤਾ ਗਿਆ।
ਅਹੁਦਾ ਸੰਭਾਲਣ ਤੋਂ ਬਾਦ ਡਿਪਟੀ ਡੀਈਓ ਨੀਰਜਾ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਪਹਿਲੀ ਜੁਆਇਨਿੰਗ 1997 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਢਿੱਲਵਾਂ ਜ਼ਿਲ੍ਹਾ ਬਰਨਾਲਾ ਵਿਖੇ ਸਮਾਜਿਕ ਸਿੱਖਿਆ ਮਿਸਟਰਸ ਦੇ ਤੌਰ ‘ਤੇ ਹੋਈ, 2006 ਵਿੱਚ ਤਰੱਕੀ ਉਪਰੰਤ ਬਤੌਰ ਮੁੱਖ ਅਧਿਆਪਕਾ ਸਰਕਾਰੀ ਕੰਨਿਆ ਹਾਈ ਸਕੂਲ, ਤਪਾ ਵਿਖੇ ਅਹੁਦਾ ਸੰਭਾਲਿਆ।
ਉਸਤੋਂ ਬਾਦ 2014 ਵਿੱਚ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਕੇ ਜ਼ਿਲ੍ਹਾ ਬਠਿੰਡਾ ਵਿਖੇ ਪ੍ਰਿੰਸੀਪਲ, 2024 ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਬਦਲੀ ਉਪਰੰਤ ਜ਼ਿਲ੍ਹਾ ਬਰਨਾਲਾ ਵਿਖੇ ਅਹੁਦਾ ਸੰਭਾਲਿਆ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।
ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ, ਗੁਣਾਤਮਕ ਸਿੱਖਿਆ ਦੇਣ ਅਤੇ ਵਿਸ਼ੇਸ਼ ਤੌਰ ਤੇ ਲੜਕੀਆਂ ਦੀ ਪੜ੍ਹਾਈ ਲਈ ਮਦਦ ਕਰਨ ਵਿੱਚ ਹਰ ਸੰਭਵ ਯਤਨ ਕੀਤਾ ਜਾਵੇਗਾ।

ਇਸ ਮੌਕੇ ਪ੍ਰਿੰਸੀਪਲ ਵਸੁੰਧਰਾ ਕਪਿਲਾ, ਹਰੀਸ਼ ਬਾਂਸਲ, ਬੀਐਨਓ ਸੁਰੇਸ਼ਟਾ ਸ਼ਰਮਾ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਸਰਪੰਚ ਜਗਤਾਰ ਸਿੰਘ, ਨੀਰਜ ਸਿੰਗਲਾ, ਕੀਰਤੀ ਦੇਵ ਸ਼ਰਮਾ ਅਤੇ ਸਮੂਹ ਸਟਾਫ਼ ਮੌਜੂਦ ਰਿਹਾ।
Posted By SonyGoyal