ਮਨਿੰਦਰ ਸਿੰਘ, ਬਰਨਾਲਾ

ਬਰਨਾਲਾ- 21 ਸਤੰਬਰ ਸਥਾਨਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਕਾਹਨ ਸਿੰਘ ਵਾਲਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਪ੍ਰਧਾਨ ਕਾਹਨ ਸਿੰਘ ਵਾਲਿਆਂ ਨੇ ਦੱਸਿਆ ਕਿ ਪੰਜਾਬ ਵਿੱਚ ਅੱਜ ਤੱਕ ਹੋਂਦ ਵਿੱਚ ਆਈਆਂ ਸਰਕਾਰਾਂ ਨੇ ਕੇਵਲ ਪੰਜਾਬ ਨੂੰ ਲੁੱਟਿਆ ਕਸੁਟਿਆ ਪੰਜਾਬ ਦੇ ਲੋਕਾਂ ਨੂੰ ਮਾਰਿਆ ਤੇ ਕੁੱਟਿਆ ਹੀ ਹੈ। ਪੰਜਾਬ ਦੇ ਲੋਕਾਂ ਦੀ ਹਮਾਇਤ ਕਰਨ ਲਈ ਬਣੀਆਂ ਹੋਈਆਂ ਸਰਕਾਰਾਂ ਵੱਲੋਂ ਕੇਵਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਤੋਂ ਬਾਅਦ ਠੇਗਾ ਦਿਖਾਇਆ ਜਾਂਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਪੱਤ ਪੁੱਤ ਪੜ੍ਹਾਈ ਪਹਿਰਾਵਾ ਬਚਾਉਣ ਲਈ 2027 ਚ ਸਰਕਾਰ ਏ ਖਾਲਸਾ ਦਾ ਆਗਾਜ਼ ਆਉਣ ਵਾਲੀਆਂ ਪੁਸ਼ਤਾਂ ਅਤੇ ਪੰਥ ਨੂੰ ਬਚਾਉਣ ਲਈ ਉਨਾ ਹੀ ਜਰੂਰੀ ਹੈ ਜਿੰਨਾ ਜੀਵਨ ਜਿਉਣ ਲਈ ਸਾਹ ਦਾ ਆਉਣਾ ਜਰੂਰੀ ਹੈ। ਇਸ ਮੌਕੇ ਪ੍ਰਧਾਨ ਵੱਲੋਂ ਪੰਜਾਬ ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਾਰੇ ਬੋਲਿਆ ਗਿਆ ਕਿ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪਰੰਤੂ ਨਾ ਉਹਨਾਂ ਦੇ ਇਰਾਦੇ ਨੇਕ ਰਹੇ ਅਤੇ ਨਾ ਹੀ ਉਹਨਾਂ ਵੱਲੋਂ ਕੀਤੇ ਹੋਏ ਵਾਅਦੇ ਪੂਰ ਚੜੇ। ਪ੍ਰਧਾਨ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਾਂ ਡਿਬਰੂਗੜ੍ਹ ਜੇਲ ਚ ਬੈਠਾ ਉਹਨਾਂ ਦਾ ਕੋਈ ਵੀ ਸਾਥੀ ਜਿੱਥੇ ਵੀ ਚੋਣ ਲੜੇਗਾ ਅਕਾਲੀ ਦਲ ਫਤਿਹ ਵੱਲੋਂ ਉਹਨਾਂ ਨੂੰ ਸਮਰਥਨ ਦਿੱਤਾ ਜਾਵੇਗਾ ਅਤੇ ਉਹ ਉਥੇ ਆਪਣਾ ਉਮੀਦਵਾਰ ਖੜਾ ਨਹੀਂ ਕਰਨਗੇ। ਪ੍ਰਧਾਨ ਨੇ ਕਿਹਾ ਕਿ ਲੜਾਈ ਹੋਂਦ ਬਚਾਉਣ ਦੀ ਹੋ ਰਹੀ ਹੈ ਪਾਰਟੀਆਂ ਬਾਜੀਆਂ ਤੋਂ ਉੱਪਰ ਉੱਠ ਕੇ ਪੰਥ ਨੂੰ ਇਕੱਠਾ ਹੋਣ ਦੀ ਲੋੜ ਹੈ। ਜੇਕਰ ਹੁਣ ਵੀ ਪੰਥ ਇਕੱਠਾ ਨਾ ਹੋਇਆ ਤਾਂ ਦਿਨ ਦੂਰ ਨਹੀਂ ਹੈ ਜਦੋਂ ਹਕੂਮਤਾਂ ਵੱਲੋਂ ਸਾਡੇ ਤੇ ਜੋਰ ਅਜਮਾਇਸ਼ ਨਾਲ ਸਾਡੀ ਹੋਂਦ ਨੂੰ ਖਤਮ ਕਰ ਦਿੱਤਾ ਜਾਵੇਗਾ। ਬੋਲਦੇ ਹੋਏ ਪ੍ਰਧਾਨ ਸਿੰਘ ਨੇ ਕਿਹਾ ਕਿ ਸਾਰੇ ਧਰਮ ਧਰਮ ਚੜ੍ਹਦੀ ਕਲਾ ਚ ਰਹਿਣ ਪ੍ਰੰਤੂ ਜੇਕਰ ਕੋਈ ਵੀ ਧਰਮ ਕਿਸੇ ਦੂਸਰੇ ਧਰਮ ਨੂੰ ਮਦਦ ਬਦਲੇ ਉਸਦਾ ਧਰਮ ਬਦਲਾਉਂਦਾ ਹੈ ਤਾਂ ਇਸ ਤੋਂ ਵੱਡਾ ਪਾਪ ਹੋਰ ਕੋਈ ਨਹੀਂ ਹੋ ਸਕਦਾ। ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਾ ਉਹਨਾਂ ਵੱਲੋਂ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਧਰਮ ਪਰਿਵਰਤਨ ਨੂੰ ਰੋਕਣ ਲਈ ਮੋਰੀ ਬਣ ਕੇ ਸਿੱਖਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਧਰਮ ਪਰਿਵਰਤਨ ਜੋ ਅੱਜ ਜੋਰਾਂ ਤੇ ਚੱਲ ਰਿਹਾ ਹੈ ਇਸ ਨੂੰ ਠਲ ਪੈ ਜਾਂਦੀ। ਕਿਹਾ ਕਿ ਪੰਥਕ ਦੇ ਨਾਰੇ ਲਗਾ ਕੇ ਪੰਥ ਨੂੰ ਬਲਦੀ ਭੱਠੀ ਚ ਪਾ ਕੇ ਆਪਣੇ ਰਾਜ ਚ ਬੇਅਦਬੀ ਆ ਕਰਾ ਕੇ ਸਾਧਾਂ ਨੂੰ ਮਾਫੀਆਂ ਦਵਾ ਕੇ ਹੁਣ ਭੁੱਲਾਂ ਬਖਸ਼ਾਉਣ ਨਾਲ ਗੁਣਾ ਮਾਫ ਨਹੀਂ ਹੋ ਜਾਣੇ। 

       ਕਾਂਗਰਸ ਪਾਰਟੀ ਤੇ ਤੰਜ ਕਸਦੇ ਹੋਏ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਜਦੋਂ ਹੋਂਦ ਚ ਆਈ ਤਾਂ ਉਸਨੇ ਨਾਰਾ ਲਗਾਇਆ ਕਿ ਉਹ ਗਰੀਬੀ ਨੂੰ ਹਟਾਉਣਗੇ ਅਤੇ ਗਰੀਬ ਤਬਕੇ ਨੇ ਵੱਧ ਚੜ ਕੇ ਉਹਨਾਂ ਨੂੰ ਵੋਟਾਂ ਪਾਈਆਂ ਅਤੇ ਅਰਦਾਸਾਂ ਵੀ ਕੀਤੀਆਂ ਕਿ ਕਾਂਗਰਸ ਪਾਰਟੀ ਵੱਲੋਂ ਗਰੀਬੀ ਹਟਾਉਣ ਦੀ ਜੋ ਗੱਲ ਕੀਤੀ ਗਈ ਹੈ ਉਸ ਨਾਲ ਦੇਸ਼ ਦੀ ਤਰੱਕੀ ਹੋਵੇਗੀ ਪ੍ਰੰਤੂ ਗਰੀਬੀ ਦੀ ਜਗ੍ਹਾ ਗਰੀਬ ਹਟਨੇ ਸ਼ੁਰੂ ਹੋ ਗਏ ਅਤੇ ਇਸ ਦੇ ਨਾਲ ਹੀ ਕਾਂਗਰਸ ਦੇ ਪੰਜਾਬ ਚ ਪੁੱਠੇ ਦਿਨ ਚੱਲ ਪਏ ਅਤੇ ਪੰਜਾਬ ਦਾ ਰਾਜਾ ਜਿਸ ਨੂੰ ਆਪਣੀ ਸੱਤਾ ਛੱਡ ਕੇ ਭੱਜਣਾ ਪਿਆ। ਉਹਨਾਂ ਨੇ ਕਿਹਾ ਕਿ ਆਪਣਾ ਕਾਰਜਕਾਲ ਹੰਡਾ ਕੇ ਉਹ ਵੀ ਚਲੇ ਗਏ ਪਰੰਤੂ ਗਰੀਬੀ ਨਹੀਂ ਹਟਾਈ ਗਈ। 

ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕਸਿਆ ਕੇ ਨਿਊਜ਼ ਚੈਨਲ ਆ ਸੋਸ਼ਲ ਮੀਡੀਆ ਆਦਿ ਤੇ ਮੋਦੀ ਸਾਹਿਬ ਵੱਲੋਂ ਬੜੇ ਸਿਲੰਡਰ ਵੰਡ ਦਿੱਤੇ ਗਏ ਪਰੰਤੂ ਸਵੇਰੇ ਜਦੋਂ ਕਿਸੇ ਪਿੰਡ ਚ ਜਾ ਕੇ ਦੇਖੀਏ ਤਾਂ ਗਰੀਬ ਦੇ ਘਰੇ ਹੁਣ ਵੀ ਉਹੀ ਚੁੱਲਾ ਬਲਦਾ ਹੈ ਕਦੀ ਤਾਂ ਚੁੱਲੇ ਚ ਪਾਉਣ ਜੋਗੀਆਂ ਬੱਲੀਆਂ ਮਿਲ ਜਾਂਦੀਆਂ ਹਨ ਤੇ ਕਦੀ ਉਸਨੂੰ ਵੀ ਇਸ ਤਰ੍ਹਾਂ ਹੀ ਹੰਡਾਉਣੀ ਪੈਂਦੀ ਹੈ। 

     ਪ੍ਰਧਾਨ ਨੇ ਕਿਹਾ ਕਿ ਜਦੋਂ ਸਾਰੀਆਂ ਰਵਾਇਤੀ ਪਾਰਟੀਆਂ ਹੰਡ ਗਈਆਂ ਤਾਂ ਇੱਕ ਨਵਾਂ ਨਾਰਾ ਪੈਦਾ ਕਰ ਦਿੱਤਾ ਗਿਆ ਜਿਸ ਨੂੰ ਆਮ ਆਦਮੀ ਦਾ ਨਾਮ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਦੱਸੋ ਕਿ ਦਿੱਲੀ ਦੇ ਮੁੱਖ ਮੰਤਰੀ ਆਮ ਕਰਦੇ ਹਨ, ਮੁੱਖ ਮੰਤਰੀ ਪੰਜਾਬ ਆਮ ਸਨ, ਉਨਾਂ ਵੱਲੋਂ ਬਣਾਈ ਗਈ ਕੈਬਨਟ ਆਮ ਘਰਾਂ ਦੀ ਸੀ, ਜਦੋਂ ਕੋਈ ਵੀ ਆਮ ਘਰ ਦਾ ਹੈਗਾ ਹੀ ਨਹੀਂ ਤਾਂ ਫਿਰ ਆਮ ਆਦਮੀ ਕਿਵੇਂ ਹੋ ਗਈ ਇਹ ਸਰਕਾਰ। ਕਿਹਾ ਕਿ ਆਮ ਆਦਮੀ ਦਾ ਸਹਾਰਾ ਲੈ ਕੇ ਆਮ ਅਖਵਾ ਕੇ ਅੱਜ ਖਾਸ ਹੋ ਕੇ ਬੈਠ ਗਏ ਹਨ ਸਾਰੇ ਹੀ ਆਮ ਆਦਮੀ ਦੇ ਅਹੁਦੇਦਾਰ। ਕਿਹਾ ਕਿ ਪੰਜਾਬ ਸਰਕਾਰ ਨੇ ਹੋਂਦ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ 24 ਘੰਟਿਆਂ ਅੰਦਰ ਫੜ ਕੇ ਜੇਲਾਂ ਚ ਸੁੱਟਣ ਦੀ ਗੱਲ ਕੀਤੀ ਗਈ ਸੀ ਪ੍ਰੰਤੂ ਢਾਈ ਸਾਲ ਦੇ ਕਾਰਜਕਾਲ ਚ ਅੱਜ ਤੱਕ ਬੇਅਦਬੀ ਦੇ ਦੋਸ਼ੀ ਨਹੀਂ ਫੜੇ ਗਏ। ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਡੇਰਾਵਾਦ ਨੂੰ ਪ੍ਰਫੁੱਲਤ ਕਰਨ ਵਾਲੀ ਸਰਕਾਰ ਜੋ ਆਪਣੀਆਂ ਸੀਟਾਂ ਬਚਾਉਣ ਦੀ ਮਾਰੀ ਜਗ੍ਹਾ ਜਗ੍ਹਾ ਤੇ ਡੇਰਿਆਂ ਨੂੰ ਅਬਾਦ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਭੀਖੀ ਵਿਖੇ ਬਣ ਰਹੇ ਨਜਾਇਜ਼ ਡੇਰੇ ਦਾ ਵਿਰੋਧ ਕੀਤਾ ਜਾਵੇਗਾ। 32 ਸਾਲਾਂ ਤੋਂ ਸਜ਼ਾਵਾਂ ਭੁਗਤ ਰਹੇ ਬੰਦੀ ਸਿੰਘਾਂ ਦੀ ਗੱਲ ਹੋਂਦ ਚ ਰਹਿ ਕੇ ਕਿਸੇ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਅਤੇ ਬਾਅਦ ਵਿੱਚ ਵੱਡੀਆਂ ਵੱਡੀਆਂ ਗੱਲਾਂ ਅਤੇ ਉਹਨਾਂ ਨੂੰ ਛਡਵਾਉਣ ਲਈ ਕਈ ਤਰ੍ਹਾਂ ਦੀਆਂ ਮੁਹਿੰਮ ਚਲਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਕਾਰਗਰ ਸਿੱਧ ਨਹੀਂ ਹੁੰਦੀਆਂ ਬਸ ਆਪਣੀ ਸ਼ੋਭਾ ਖੱਟਣ ਲਈ ਜਾਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਇਹ ਖਾਲਸਾ ਹੀ ਇੱਕ ਸਰਕਾਰ ਹੋਵੇਗੀ ਜਿੱਥੇ ਘੱਟ ਗਿਣਤੀਆਂ ਨੂੰ ਪਹਿਲ ਦੇ ਆਧਾਰ ਤੇ ਸੁਰੱਖਿਆ ਬਰਾਬਰ ਦੇ ਹੱਕ ਦਿੱਤੇ ਜਾਣਗੇ। ਪ੍ਰਧਾਨ ਨੇ ਕਿਹਾ ਕਿ ਜਸਟਿਸ ਸਾਰੋ ਵੱਲੋਂ ਪੰਚਕੁਲੇ ਕਾਂਡ ਵੇਲੇ ਡੇਰੇ ਦੀਆਂ ਜਮੀਨਾਂ ਵੇਚ ਕੇ ਹੋਏ ਨੁਕਸਾਨ ਦੀ ਪਰ ਭਾਈ ਦੀ ਗੱਲ ਨੂੰ ਹੁਣ ਤੱਕ ਪੂਰ ਨਹੀਂ ਚੜਾਇਆ ਗਿਆ। ਇਹ ਸਭ ਗੱਲਾਂ ਤੋਂ ਤਾਂ ਇਹੀ ਲੱਗਦਾ ਹੈ ਕਿ ਸਰਕਾਰਾਂ ਨੂੰ ਵੋਟ ਬੈਂਕ ਤੋਂ ਵੱਧ ਪਿਆਰਾ ਹੋਰ ਕੋਈ ਵੀ ਨਹੀਂ ਹੈ। ਇਸ ਮੌਕੇ ਉਹਨਾਂ ਨਾਲ ਅੰਮ੍ਰਿਤਪਾਲ ਸਿੰਘ ਲੌਂਗੋਵਾਲ, ਜਰਨਲ ਸੈਕਟਰੀ ਸੁਖਚੈਨ ਸਿੰਘ ਅਤਲਾ, ਜਥੇਦਾਰ ਜੈਪਾਲ ਸਿੰਘ, ਸੀਨੀਅਰ ਵਾਈਜ ਪ੍ਰਧਾਨ ਦਰਸ਼ਨ ਸਿੰਘ ਮਾਣੂਕੇ, ਜਰਨਲ ਸੈਕਟਰੀ ਪ੍ਰਗਟ ਸਿੰਘ, ਰੁਪਿੰਦਰ ਸਿੰਘ ਚੀਮਾ ਜਥੇਦਾਰ ਬਰਨਾਲਾ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਵਰਕਰ ਹਾਜ਼ਰ ਸਨ।