ਜਿਨ੍ਹਾਂ ਦੇ ਖੁਦ ਦੇ ਘਰ ਸ਼ੀਸ਼ਿਆਂ ਦੇ ਹੁੰਦੇ ਹਨ, ਉਹ ਦੂਜਿਆਂ ਤੇ ਪੱਥਰ ਨੀਂ ਮਾਰਦੇ

ਇਨਕਲਾਬੀ ਕੇਂਦਰ ਪੰਜਾਬ ਨੇ ਭਾਜਪਾ ਵੱਲੋਂ ਦੇਸ਼ ਉੱਪਰ ਠੋਸੇ ਹੋਏ ਰਾਜ ਮੰਤਰੀ ਰਵਨੀਤ ਬਿੱਟੂ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਵਿੱਚ ਉਸਨੇ ਕਿਸਾਨਾਂ ਨੂੰ ਤਾਲਿਬਾਨੀ ਆਖਿਆ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਅਸਲ ਤਾਲਬਾਨੀ ਭਾਜਪਾ ਹੈ ਜਿਸ ਦੀ  ਫਿਰਕੂ ਫਾਸ਼ੀ ਸੋਚ ਤੇ ਅਮਲ ਨੇ ਦੇਸ਼ ਭਰ ਚ ਘੱਟ ਗਿਣਤੀ ਲੋਕਾਂ ਦੀ ਜਾਨ ਸੂਲ਼ੀ ਤੇ ਟੰਗੀ ਹੋਈ ਹੈ। ਭਾਜਪਾ ਦੀ ਬੁਲਡੋਜ਼ਰ ਸਿਆਸਤ ਨੇ ਦੇਸ਼ ਭਰ ‘ਚ ਵਿਰੋਧੀ ਵਿਚਾਰ ਰੱਖਣ ਵਾਲੇ ਜੇਲ੍ਹਾਂ ਚ ਬਿਨ੍ਹਾਂ ਮੁੱਕਦਮਾ ਚਲਾਏ ਬੰਦ ਕੀਤੇ ਹੋਏ ਹਨ। ਹਜ਼ਾਰਾਂ ਬੇਗੁਨਾਹ ਕਸ਼ਮੀਰੀ ਸਿਰਫ਼ ਮੁਸਲਮਾਨ ਹੋਣ ਕਾਰਨ ਭਾਜਪਾ ਦੇ ਤਾਲਬਾਨੀ ਰਾਜ ਚ ਵਰ੍ਹਿਆਂ ਬੱਧੀ ਸਮੇਂ ਤੋਂ ਜੇਲ੍ਹਾਂ ‘ਚ ਸੜ ਰਹੇ ਹਨ। ਸੈਕੜੇ ਬੁੱਧੀ ਜੀਵੀ ਭੀਮਾ ਕੋਰੇਗਾਂਵ ਦੇ ਮਨਘੜਤ ਕੇਸ ਅਤੇ ਹੋਰ ਕੇਸਾਂ ‘ਚ ਕਿੰਨੇ ਸਾਲਾਂ ਤੋਂ ਜੇਲ੍ਹਾਂ ‘ਚ ਬੰਦ ਹਨ। ਜੇਲ੍ਹ ‘ਚ ਝੂਠੇ ਕੇਸ ‘ਚ ਬੰਦ ਮੁਹਮੰਦ ਆਨਿਆਂ ਖਾਨ 14 ਸਾਲ ਬਾਅਦ ਬਰੀ ਹੋਇਆ ਹੈ। ਉਮਰ ਖ਼ਾਲਿਦ ਨਾਂ ਦਾ ਵਿਦਿਆਰਥੀ ਆਗੂ ਛੇ ਸਾਲ ਤੋਂ ਬਿਨਾ ਮੁਕੱਦਮਾ ਚਲਾਏ ਜੇਲ੍ਹ ‘ਚ ਬੰਦ ਹੈ। ਯੋਗੀ ਨੇ ਉੱਤਰ ਪਰਦੇਸ਼ ‘ਚ ਕਿੰਨੇ ਬੇਦੋਸ਼ੇ ਮੁਸਲਮਾਨਾਂ ਦਾ ਕਤਲ ਕੀਤਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਕਿੰਨੇ ਹੀ ਬੇਗੁਨਾਹ ਮੁਸਲਮਾਨ, ਇਸਾਈ ਕੀ ਭਾਜਪਾ ਦੇ ਤਾਲਬਾਨੀ ਰਾਜ ‘ਚ ਕਤਲ ਨਹੀਂ ਹੋਏ? ਉਨ੍ਹਾਂ ਕਿਹਾ ਕਿ 2020 ‘ਚ ਦਿੱਲੀ ਦੇ ਕਿਸਾਨ ਅੰਦੋਲਨ ਚ ਸੱਤ ਸੌ ਤੋਂ ਵੱਧ ਕਿਸਾਨਾਂ ਦੀ ਕਾਤਲ ਕੀ ਭਾਜਪਾ ਨਹੀ ਹੈ। ਲਖੀਮਪੁਰ ਖੀਰੀ ਦੇ ਤਾਲਬਾਨੀ ਭਾਜਪਾਈ ਕਾਤਲਾਂ ਬਾਰੇ ਇਸ ਆਪੂ ਸਜੇ ਲੀਡਰ ਦੀ ਜ਼ੁਬਾਨ ਕਿਓਂ ਬੰਦ ਹੈ?  ਮਨੀਪੁਰ ‘ਚ ਮਾਵਾਂ ਭੈਣਾਂ ਦਾ ਬਲਾਤਕਾਰ ਕਰ ਉਨ੍ਹਾਂ ਨੂੰ ਅਲਫ਼ ਨੰਗਿਆਂ ਕਰਕੇ ਸੜ੍ਹਕਾਂ ‘ਤੇ ਤੋਰ ਕੇ ਜ਼ਲੀਲ ਕਰਨ ਵਾਲਾ ਰਾਜ ਭਾਗ ਕੀ ਭਾਜਪਾ ਦਾ ਨਹੀ ਸੀ ? ਗੁਜਰਾਤ ‘ਚ ਬਿਲਕਿਸ ਬਾਨੋ ਦੇ ਬਲਾਤਕਾਰੀ ਕਾਤਲਾਂ ਨੂੰ ਸੰਸਕਾਰੀ ਕਰਾਰ ਦੇ ਕੇ ਸਜ਼ਾ ਪੂਰੀ ਹੋਣ ਤੋ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਕੱਢ ਦੇਣ ਦੀ ਸਿਫਾਰਸ਼ ਗੁਜਰਾਤ ਦੇ ਭਾਜਪਾਈ ਮੁੱਖ ਮੰਤਰੀ ਨੇ ਨਹੀਂ ਸੀ ਕੀਤੀ? ਕੀ ਜੰਮੂ ਦੇ ਮੰਦਰ ‘ਚ ਮਸੂਮ ਗੁੱਜਰ ਬੱਚੀ ਆਸਿਫਾ ਦੇ ਬਲਾਤਕਾਰੀਆਂ ਦੇ ਹੱਕ ‘ਚ ਸੜ੍ਹਕਾਂ ਤੇ ਉੱਤਰਨ ਵਾਲੀ ਭਾਜਪਾ ਨਹੀਂ ਸੀ। ਕੀ ਦੇਸ਼ ਭਰ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਕੈਦੀਆਂ ਨੂੰ ਅਜੇ ਤੱਕ ਜੇਲ੍ਹਾਂ ‘ਚ ਬੰਦ ਕਰਕੇ ਰੱਖਣ ਦੀ ਜ਼ਿੰਮੇਵਾਰ  ਭਾਜਪਾ ਦੀ ਕੇਂਦਰੀ ਹਕੂਮਤ ਨਹੀ ਹੈ? ਦੇਸ਼ ਭਰ ‘ਚ ਰਾਜਾਂ ਦੀ ਮਰਜ਼ੀ ਦੇ ਉਲਟ ਜਾ ਕੇ ਫਾਸ਼ੀਵਾਦੀ ਕਾਲ਼ੇ ਫ਼ੌਜਦਾਰੀ  ਕਨੂੰਨ ਲਾਗੂ ਕਰਨ ਪਿੱਛੇਂ ਮਨੋਰਥ ਦੇਸ਼ ਨੂੰ ਖੁੱਲ੍ਹੀ ਜੇਲ੍ਹ ‘ਚ ਬਦਲਣਾ ਨਹੀਂ ਹੈ? ਪੰਜਾਬ ਦੇ ਅੰਨਦਾਤੇ ਨੂੰ ਜਾਣਬੁੱਝ ਕੇ ਮੰਡੀਆਂ ‘ਚ ਪੰਦਰਾਂ ਪੰਦਰਾਂ ਦਿਨ ਤੋਂ ਮੰਡੀਆਂ ‘ਚ ਰੋਲਣ ਦੀ ਜਿੰਮੇਵਾਰ ਮਾਨ ਦੇ ਨਾਲ ਨਾਲ ਮੋਦੀ ਹਕੂਮਤ ਜ਼ਿੰਮੇਵਾਰ ਨਹੀ ਹੈ? ਸਮੁੱਚੇ ਉੱਤਰ ਪੂਰਬੀ ਰਾਜਾਂ ਦੀਆਂ ਕੌਮੀ ਖਾਹਸ਼ਾਂ ਨੂੰ ਫੌਜੀ ਬੂਟਾਂ ਹੇਠ ਲਤਾੜਣ ਦੀ ਨੀਤੀ ਭਾਜਪਾ ਦੀ ਨਹੀਂ ਹੈ? ਕੀ ਦੇਸ਼ ਦੇ ਅਮੀਰ ਖਣਿਜ ਖੇਤਰ ਵੱਡੇ ਕਾਰਪੋਰੇਟਾਂ ਨੂੰ ਲੁਟਾਉਣ ਲਈ ਝਾਰਖੰਡ ਛੱਤੀਸਗੜ ਦੇ ਆਦਿ-ਵਾਸੀ ਲੋਕਾਂ ਤੇ ਡਰੋਨ ਬੰਬ ਸੁੱਟ ਕੇ ਲੋਕਾਂ ਦੇ ਕਤਲ ਕਰਨ ਵਾਲੀ ਮੋਦੀ ਹਕੂਮਤ ਤਾਲਬਾਨੀ ਨਹੀ ਹੈ? ਦੇਸ਼ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮੁੱਹਈਆ ਕਰਵਾਉਣ ਵਾਲੇ ਪਬਲਿਕ ਸੈਕਟਰ ਨੂੰ ਵਿਰੋਧ ਦੇ ਬਾਵਜੂਦ, ਕਾਰਪੋਰੇਟ ਨੂੰ ਕੌਡੀਆਂ ਦੇ ਭਾਅ ਵੇਚਣ ਵਾਲੀ ਹਕੂਮਤ ਤਾਲਬਾਨੀ ਨਹੀ ਤਾਂ ਹੋਰ ਕੀ ਹੈ। ਭਾਜਪਾ ਦੇ ਰਾਜ ‘ਚ ਅੰਬਾਨੀ -ਅਡਾਨੀ ਦੀਆਂ ਜਾਇਦਾਦਾਂ ‘ਚ ਅਰਬਾਂ ਖਰਬਾਂ ਰੁ. ਦੇ ਸਾਮਰਾਜ ਉਸਾਰਨ,
ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡਣ ਵਾਲੀ, ਵੋਟਾਂ ਲਈ ਬਲਾਤਕਾਰੀ ਕਾਤਲ ਨੂੰ ਵਾਰ-ਵਾਰ ਪੈਰੋਲ ਤੇ ਜੇਲ੍ਹ ‘ਚੋਂ ਬਾਹਰ ਕੱਢਣ ਵਾਲੀ ਭਾਜਪਾ ਤਾਲਬਾਨੀ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਕਿਹਾ ਕਿ ਭਾਜਪਾ ਰਾਜ ਦੌਰਾਨ ਸੈਂਕੜੇ ਹਜ਼ਾਰਾਂ ਗੁਣਾਂ ਵਧੀਆਂ ਵੱਡੇ ਭਾਜਪਾ ਲੀਡਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਤੋਂ ਬਾਦ ਕਿਸਾਨ ਆਗੂਆਂ ਦੀ ਜਾਂਚ ਕਰਵਾਉਣ ‘ਚ ਕੋਈ ਹਰਜ਼ ਨਹੀ ਹੈ।ਪਰ ਜਿਨ੍ਹਾਂ ਦੇ ਅਪਣੇ  ਘਰ ਸ਼ੀਸ਼ਿਆਂ ਦੇ ਹੁੰਦੇ ਹਨ ਉਹ ਦੂਜਿਆਂ ‘ਤੇ ਪੱਥਰ ਨਹੀਂ ਮਾਰਿਆ ਕਰਦੇ, ਪਰ ਲੱਗਦੈ ਰਵਨੀਤ ਬਿੱਟੂ ਦਾ ਦਿਮਾਗ਼ ਹਾਨੀ ਲਾਭ ਸੋਚਣ ਤੋਂ ਇਨਕਾਰੀ ਹੈ। ਅਸਲ ਕਿਸਾਨ ਧਿਰਾਂ ਨੂੰ ਇਸ ਦਿਮਾਗ਼ ਦੀ ਮਾਲਸ਼ ਦਾ ਪ੍ਰਬੰਧ ਕਰਨ ਦੀ ਉਨ੍ਹਾਂ ਅਪੀਲ ਕੀਤੀ ਹੈ।

Leave a Reply

Your email address will not be published. Required fields are marked *