ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 5 ਦਸੰਬਰ 1872 ਈ. ਨੂੰ ਇਕ ਸਨਮਾਨਿਤ ਸਿੱਖ ਪਰਿਵਾਰ ਵਿਚ ਹੋਇਆ ਸੀ। ਭਾਈ ਸਾਹਿਬ ਦੇ ਪਿਤਾ ਡਾ. ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂਆਂ ‘ਚੋਂ ਸਨ। ਡਾ. ਚਰਨ ਸਿੰਘ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਲਿਖਾਰੀ ਅਤੇ ਅੰਗਰੇਜ਼ੀ, ਫ਼ਾਰਸੀ ਭਾਸ਼ਾਵਾਂ ਦੇ ਚੰਗੇ ਵਾਕਫ਼ਕਾਰ ਸਨ। ਗਿਆਨੀ ਹਜ਼ਾਰਾ ਸਿੰਘ ਵੀ ਸਥਾਪਤ ਅਨੁਵਾਦਕ ਤੇ ਕਵੀ ਸਨ ਜਿਨ੍ਹਾਂ ਨੇ ਉਰਦੂ-ਫ਼ਾਰਸੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਦਾ ਅਨੁਵਾਦ ਮਾਤ-ਭਾਸ਼ਾ ਵਿਚ ਕੀਤਾ। ਗਿਆਨੀ ਹਜ਼ਾਰਾ ਸਿੰਘ ਨੇ ਵਿਸ਼ਵ-ਪ੍ਰਸਿੱਧ ਪੁਸਤਕਾਂ ਗੁਲਿਸਤਾਂ ਅਤੇ ਬੋਸਤਾਂ ਦਾ ਪੰਜਾਬੀ ਕਾਵਿ ਰੂਪ ਵਿਚ ਅਨੁਵਾਦ ਵੀ ਕੀਤਾ। ਭਾਈ ਸਾਹਿਬ ਦਾ ਬਚਪਨ ਗਿਆਨੀ ਹਜ਼ਾਰਾ ਸਿੰਘ ਕੋਲ ਬੀਤਿਆ। ਇਕ ਦਿਨ ਗਿਆਨੀ ਜੀ ਕਿਸੇ ਪੁਸਤਕ ਦਾ ਅਨੁਵਾਦ ਕਰ ਰਹੇ ਸਨ ਤਾਂ ਭਾਈ ਵੀਰ ਸਿੰਘ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਲੋਕਾਂ ਦੀਆਂ ਰਚਨਾਵਾਂ ਦਾ ਉਲੱਥਾ ਕਰਦੇ ਰਹਿੰਦੇ ਹੋ, ਆਪਣੀ ਕੋਈ ਨਵੀਂ ਰਚਨਾ ਕਿਉਂ ਨਹੀਂ ਰਚ ਲੈਂਦੇ?” ਗਿਆਨੀ ਜੀ ਨੇ ਸਹਿਜ ਸੁਭਾਅ ਕਿਹਾ, “ਬਰਖ਼ੁਰਦਾਰ! ਮੈਂ ਤਾਂ ਨਹੀਂ ਕਰ ਸਕਿਆ ਪਰ ਤੂੰ ਜ਼ਰੂਰ ਕਰੇਂਗਾ।” ਸਮੇਂ ਦੇ ਬੀਤਣ ਨਾਲ ਗਿਆਨੀ ਜੀ ਦਾ ਇਹ ਵਾਕ ਪੂਰਾ ਹੋਇਆ।
ਅੱਠ ਸਾਲ ਦੀ ਉਮਰ ਵਿਚ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਮੁਕੰਮਲ ਕੀਤਾ। ਸੰਨ 1881 ‘ਚ ਚਰਚ ਮਿਸ਼ਨ ਸਕੂਲ, ਅੰਮ੍ਰਿਤਸਰ ਤੋਂ ਐਂਟਰੈਂਸ ਦਾ ਇਮਤਿਹਾਨ ਜ਼ਿਲ੍ਹੇ ਭਰ ‘ਚੋਂ ਅੱਵਲ ਰਹਿ ਕੇ ਪਾਸ ਕੀਤਾ। ਦਸਵੀਂ ਜਮਾਤ ਕਰ ਲੈਣ ‘ਤੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਰੁਜ਼ਗਾਰ ਦਾ ਫ਼ਿਕਰ ਹੋਇਆ। ਦੋ-ਤਿੰਨ ਥਾਵਾਂ ਤੋਂ ਨੌਕਰੀ ਦੇ ਸੱਦਾ-ਪੱਤਰ ਵੀ ਪ੍ਰਾਪਤ ਹੋਏ ਪਰ ਭਾਈ ਸਾਹਿਬ ਆਜ਼ਾਦ ਤਬੀਅਤ ਦੇ ਮਾਲਕ ਸਨ। ਸੋ ਕਿਸੇ ਦੀ ਨੌਕਰੀ ਕਰਨੀ ਮੁਨਾਸਬ ਨਾ ਸਮਝੀ ਅਤੇ ਸ. ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿਚ ਹੀ ‘ਵਜ਼ੀਰ ਹਿੰਦ ਪ੍ਰੈੱਸ’ ਲਗਵਾ ਲਈ। ਪਹਿਲਾਂ ਇਕ ਪੱਥਰ ਛਾਪਾ-ਛਪਾਈ ਲਈ ਕਿਰਾਏ ‘ਤੇ ਲਿਆ ਗਿਆ। ਭਾਈ ਵੀਰ ਸਿੰਘ ਨੇ ਆਪਣੀ ਲਗਨ, ਸਖ਼ਤ ਮਿਹਨਤ, ਸਿਦਕਦਿਲੀ ਸਦਕਾ ਪ੍ਰੈੱਸ ਨੂੰ ਇੰਨਾ ਕਾਮਯਾਬ ਕੀਤਾ ਕਿ ਦੂਰੋਂ-ਦੂਰੋਂ ਇਸ ਪ੍ਰੈੱਸ ਨੂੰ ਲੋਕ ਦੇਖਣ ਆਉਣ ਲੱਗੇ। ਸੰਨ 1894 ‘ਚ ਖ਼ਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਗਈ ਜਿਸ ਨੇ ਮਾਸਿਕ ਪਰਚਾ ‘ਨਿਰਗੁਣੀਆਰਾ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਜੋ ਇਕ ਸ਼ਤਾਬਦੀ ਪੂਰੀ ਕਰ ਚੁੱਕਾ ਹੈ। ਸ਼ਾਇਦ ਪੰਜਾਬੀ ਦਾ ਇਹ ਪਹਿਲਾ ਮਾਸਿਕ ਪਰਚਾ ਹੈ ਜੋ ਨਿਰਵਿਘਨ ਪ੍ਰਕਾਸ਼ਿਤ ਹੋ ਰਿਹਾ ਹੈ। ਭਾਵੇਂ ਇਸ ਵਿਚ ਕੋਈ ਨਵੀਨਤਾ ਨਹੀਂ ਆਈ, ਵਾਰ-ਵਾਰ ਭਾਈ ਵੀਰ ਸਿੰਘ ਦੇ ਲੇਖਾਂ ਨੂੰ ਹੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਨਵੰਬਰ 1899 ਵਿਚ ਭਾਈ ਵੀਰ ਸਿੰਘ ਨੇ ‘ਖ਼ਾਲਸਾ ਸਮਾਚਾਰ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ। ਭਾਈ ਵੀਰ ਸਿੰਘ, ਸਿੰਘ ਸਭਾ ਲਹਿਰ ਦੇ ਪੈਦਾ ਕੀਤੇ ਵਿਦਵਾਨਾਂ, ਸਾਹਿਤਕਾਰਾਂ ‘ਚੋਂ ਸਿਰਮੌਰ ਹਨ। ਸਿੰਘ ਸਭਾ ਲਹਿਰ ਦਾ ਜਨਮ ਸਿੱਖ ਸਮਾਜ ‘ਚ ਆਈਆਂ ਸਿਧਾਂਤਕ ਕਮਜ਼ੋਰੀਆਂ ਤੇ ਅਮਲੀ ਗਿਰਾਵਟ ਨੂੰ ਦੂਰ ਕਰਨ ਲਈ ਹੋਇਆ ਸੀ।
ਕੌਮ ਨੂੰ ਪੂਰੀ ਤਰ੍ਹਾਂ ਜਾਗ੍ਰਿਤ ਕਰਨ ਅਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਦੋ ਆਦਰਸ਼ ਨਿਯਤ ਕੀਤੇ ਗਏ, ਪਹਿਲਾ ਵਿੱਦਿਆ ਦਾ ਪ੍ਰਚਾਰ-ਪ੍ਰਸਾਰ ਅਤੇ ਦੂਸਰਾ, ਮਾਂ-ਬੋਲੀ ਵਿਚ ਸਾਹਿਤ ਸਿਰਜਣਾ ਤਾਂ ਜੋ ‘ਬੋਲੀ ਅਵਰ ਤੁਮਾਰੀ’ ਤੋਂ ਛੁਟਕਾਰਾ ਪ੍ਰਾਪਤ ਕਰ ਸਕੇ। ਪਹਿਲੇ ਆਦਰਸ਼ ਨੂੰ ਹਾਸਲ ਕਰਨ ਲਈ ਐਜੂਕੇਸ਼ਨਲ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੂੰ ਸਫਲ ਕਰਨ ਲਈ ਭਾਈ ਵੀਰ ਸਿੰਘ ਨੇ ਆਪਣੇ ਸਾਰੇ ਨਿੱਜੀ ਰੁਝੇਵਿਆਂ ਨੂੰ ਤਿਆਗ ਕੇ ਦਿਨ-ਰਾਤ ਇਕ ਕਰ ਦਿੱਤੀ। ਇਸ ਕਮੇਟੀ ਦੀ ਸਫਲਤਾ ਦਾ ਅੰਦਾਜ਼ਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਕਮੇਟੀ ਦੇ ਇੱਥੋਂ ਤਕ ਪਹੁੰਚਣ ਪਿੱਛੇ ਭਾਈ ਸਾਹਿਬ ਦਾ ਹੀ ਹੱਥ ਸੀ। ਕੌਮ ਨੂੰ ਜਾਗ੍ਰਿਤ ਕਰਨ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈ ਸਾਹਿਬ ਨੇ ਸਾਰਾ ਜੀਵਨ ਸਾਹਿਤ ਸਿਰਜਣਾ ਹਿੱਤ ਲਗਾ ਦਿੱਤਾ। ਸਿੱਖ ਰਹਿਤ ਮਰਿਆਦਾ ਨੂੰ ਨਿਰਧਾਰਤ ਕਰਨ ‘ਚ ਭਾਈ ਵੀਰ ਸਿੰਘ ਜੀ ਨੇ ਵਡਮੁੱਲਾ ਯੋਗਦਾਨ ਪਾਇਆ। ਆਪ ਜੀ ਦੀ ਕਲਮੀ ਸੇਵਾ, ਸਾਹਿਤਕ ਕ੍ਰਿਤਾਂ ਨੂੰ ਪੰਜਾਬੀਆਂ ਤੇ ਪੰਜਾਬੀ ਪ੍ਰੇਮੀਆਂ ਨੇ ਭਰਪੂਰ ਹੁੰਗਾਰਾ ਦਿੱਤਾ। ਬਹੁਤ ਸਾਰੀਆਂ ਲਿਖਤਾਂ ਦਾ ਹਿੰਦੀ ਤੇ ਅੰਗਰੇਜ਼ੀ ‘ਚ ਉਲੱਥਾ ਹੋਇਆ। ਲਹਿਰਾਂ ਦੇ ਹਾਰ ਤੇ ਕੁਝ ਹੋਰ ਕਵਿਤਾਵਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਪ੍ਰਸਿੱਧ ਦਾਰਸ਼ਨਿਕ ਕਵੀ ਪ੍ਰੋ. ਪੂਰਨ ਸਿੰਘ ਨੇ ਕੀਤਾ। ‘ਮੇਰੇ ਸਾਈਆਂ ਜੀਓ’ ਨੂੰ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ। ਸੰਨ 1949 ‘ਚ ਪੰਜਾਬ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਨੂੰ ਉਨ੍ਹਾਂ ਦੀਆਂ ਸਾਹਿਤਕ ਕ੍ਰਿਤਾਂ ਦੇ ਸਤਿਕਾਰ ਵਜੋਂ ‘ਡਾਕਟਰ ਆਫ ਓਰੀਐਂਟਲ ਲਿਟਰੇਚਰ’ ਦੀ ਡਿਗਰੀ ਪ੍ਰਦਾਨ ਕੀਤੀ ਗਈ। ਭਾਈ ਵੀਰ ਸਿੰਘ ਨੂੰ 1956 ‘ਚ ਗਣਤੰਤਰਤਾ ਦਿਵਸ ‘ਤੇ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਣ’ ਦੇ ਕੇ ਸਨਮਾਨਿਤ ਕੀਤਾ ਗਿਆ। ਜੂਨ 1957 ਦੇ ਪਹਿਲੇ ਹਫ਼ਤੇ ਭਾਈ ਸਾਹਿਬ ਨੂੰ ਬੁਖ਼ਾਰ ਹੋ ਗਿਆ ਜੋ ਲਗਾਤਾਰ ਜਾਰੀ ਰਿਹਾ ਤੇ ਓੜਕ ਜਾਨਲੇਵਾ ਸਾਬਤ ਹੋਇਆ।
ਅੰਤ 10 ਜੂਨ 1957 ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ, ਕਾਦਰ ਦੀ ਕੁਦਰਤ ਦਾ ਕਵੀ ਸਭ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਪਰ ਆਪਣੀਆਂ ਸਾਹਿਤਕ ਕ੍ਰਿਤਾਂ ਸਦਕਾ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਿਆ। ਭਾਈ ਵੀਰ ਸਿੰਘ ਦੀ ‘ਸ਼ਖ਼ਸੀਅਤ’ ਅਤੇ ‘ਸਾਹਿਤ’ ਤੋਂ ਪ੍ਰਭਾਵਿਤ ਦੋ ‘ਸ਼ਖ਼ਸੀਅਤਾਂ’ ਦੀ ਮਿਸਾਲ ਦੇਣੀ ਜ਼ਰੂਰੀ ਹੈ। ਪਹਿਲੀ ਸ਼ਖ਼ਸੀਅਤ ਹਨ ਮਾਸਟਰ ਤਾਰਾ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਜੋਂ ਸਿੱਖ ਕੌਮ ਦੀ ਲਗਪਗ 40 ਸਾਲ ਅਗਵਾਈ ਕਰਦੇ ਰਹੇ ਜਿਹੜੇ ਕਿ ਪਹਿਲਾਂ ਸਿੱਖੀ ਸਰੂਪ ਵਿਚ ਨਹੀਂ ਸਨ। ਜਦ ਉਨ੍ਹਾਂ ਭਾਈ ਵੀਰ ਸਿੰਘ ਦੀ ਪਹਿਲੀ ਗਲਪ ਰਚਨਾ ‘ਸੁੰਦਰੀ’ ਪੜ੍ਹੀ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਸਿੱਖੀ ਸਰੂਪ ਧਾਰਨ ਕਰ ਲਿਆ। ਦੂਸਰੀ ਉਦਾਹਰਨ ਪ੍ਰਸਿੱਧ ਦਾਰਸ਼ਨਿਕ, ਲੇਖਕ, ਕਵੀ ਪ੍ਰੋ. ਪੂਰਨ ਸਿੰਘ ਦੀ ਹੈ। ਉਹ ਉੱਚ ਵਿੱਦਿਆ ਦੀ ਪ੍ਰਾਪਤੀ ਹਿੱਤ ਜਾਪਾਨ ਗਏ ਜਿੱਥੇ ‘ਸਿੱਖੀ’ ਤੋਂ ਦੂਰ ਹੋ ਕੇ ਸੰਨਿਆਸ ਧਾਰਨ ਕਰ ਲਿਆ। ਦੇਸ਼ ਪਰਤਣ ‘ਤੇ ਭਾਈ ਵੀਰ ਸਿੰਘ ਦੀ ਸੰਗਤ ਦਾ ਹੀ ਚਮਤਕਾਰ ਸੀ ਕਿ ਉਨ੍ਹਾਂ ਨੇ ਮੁੜ ਸਿੱਖੀ ਜੀਵਨ-ਜਾਚ ਨੂੰ ਅਪਣਾ ਲਿਆ।