ਗ਼ਰੀਬ ਅਤੇ ਬੇਘਰੇ ਲੋਕਾਂ ਦਾ ਉਜਾੜਾ ਰੋਕਣ ਲਈ ‘ਝੁੱਗੀ ਝੌਂਪੜੀ ਬਚਾਓ ਕਮੇਟੀ’ ਬਣਾਈ
ਮਨਿੰਦਰ ਸਿੰਘ ਬਰਨਾਲਾ
23 ਦਸੰਬਰ/ ਅੱਜ ਇਥੇ ਬਰਨਾਲਾ ਦੀ ਅਨਾਜ਼ ਮੰਡੀ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ,ਜਿਸ ਵਿੱਚ ਵੱਡੀ ਗਿਣਤੀ ਵਿੱਚ ਝੁੱਗੀ ਝੌਂਪੜੀ ਵਾਲਿਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਅਤੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸਮਾਜ ਸੇਵੀ ਆਗੂ ਭਾਨ ਸਿੰਘ ਜੱਸੀ ਪੇਧਨੀ ਨੇ ਕਿਹਾ ਕਿ ਮੰਡੀ ਬੋਰਡ ਦੇ ਡੀ ਐਮ ਓ ਵੱਲੋਂ ਮੰਡੀ ਦਾ ਫ਼ੜ ਪੱਕਾ ਕਰਨ ਦੇ ਬਹਾਨੇ ਬਾਰ ਬਾਰ ਝੁੱਗੀਆਂ ਵਾਲਿਆਂ ਨੂੰ ਉਜਾੜਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਇਹ ਲੋਕ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਸ ਜਗ੍ਹਾ ਤੇ ਆਪਣੀਆਂ ਝੁੱਗੀਆਂ ਬਣਾਕੇ ਰਹਿ ਰਹੇ ਹਨ ਅਤੇ ਇਥੇ ਰਹਿਣ ਵਾਲੇ ਹਜ਼ਾਰਾਂ ਮਰਦ ਔਰਤਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ, ਜੋਂ ਸਮੇਂ ਸਮੇਂ ਤੇ ਵੋਟਾਂ ਪਾਉਂਦੇ ਰਹੇ ਹਨ। ਇਹਨਾਂ ਦੇ ਦੱਸਣ ਅਨੁਸਾਰ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਇੱਥੇ ਪਲਾਂਟ ਨੰਬਰ ਵੀ ਅਲਾਟ ਕੀਤੇ ਹੋਏ ਹਨ, ਆਗੂਆਂ ਨੇ ਇਹ ਵੀ ਦੱਸਿਆ ਕਿ ਵੱਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਹਨਾਂ ਦੀਆਂ ਝੁੱਗੀਆਂ ਵਿੱਚ ਆਕੇ ਇਹਨਾਂ ਦਾ ਵਸੇਬਾ ਪੱਕਾ ਕਰਨ ਲਈ ਇਹਨਾਂ ਦੇ ਨਾਲ ਖੜਕੇ ਫੋਟੋਆਂ ਵੀ ਖਿਚਵਾਉਂਦੇ ਰਹੇ ਹਨ। ਪਰ ਅੱਜ ਮੰਡੀ ਬੋਰਡ ਦੇ ਅਧਿਕਾਰੀ ਕੁੱਝ ਨਸ਼ੇ ਵਿੱਚ ਧੁੱਤ ਗ਼ਲਤ ਅਨਸਰਾਂ ਨੂੰ ਝੁੱਗੀਆਂ ਵਿੱਚ ਭੇਜਕੇ ਡਰਾ ਧਮਕਾ ਰਹੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਹਰ ਬਾਰ ਸਿਆਸੀ ਪਾਰਟੀਆਂ ਦੇ ਆਗੂ ਅਤੇ ਮਿਉਂਸਪਲ ਕੌਂਸਲਰ ਵੋਟਾਂ ਲੈਣ ਲਈ ਝੁੱਗੀਆਂ ਵਿੱਚ ਆਕੇ ਹੱਥ ਬਨਦੇ ਰਹੇ ਪਰ ਹੁਣ ਕੋਈ ਵੀ ਸਿਆਸੀ ਲੀਡਰ ਇਹਨਾਂ ਦੀ ਖ਼ੈਰ ਲੈਣ ਨਹੀਂ ਆ ਰਿਹਾ। ਅੱਜ ਦੀ ਮੀਟਿੰਗ ਵਿੱਚ ਇਹਨਾਂ ਗ਼ਰੀਬ ਲੋਕਾਂ ਦੀਆਂ ਮੁਸਕਲਾਂ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ ਅਤੇ ਤੇਰਾਂ ਮੈਂਬਰਾਂ ਦੇ ਅਧਾਰਿਤ ” ਝੁੱਗੀ ਝੌਂਪੜੀ ਬਚਾਓ ਕਮੇਟੀ” ਬਣਾਈ ਗਈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਪੋਹ-ਮਾਘ ਦੇ ਦਿਨਾਂ ਵਿੱਚ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਬੇਘਰੇ ਲੋਕਾਂ ਨੂੰ ਉਜਾੜਨਾ ਬੰਦ ਨਾ ਕੀਤਾ ਗਿਆ, ਤਾਂ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਹਨਾਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਬਰਨਾਲਾ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸ਼ਨ ਜ਼ਿਮੇਵਾਰ ਹੋਵੇਗਾ। ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵੱਲੋਂ ਕਾਮਰੇਡ ਜਗਰਾਜ ਰਾਮਾ, ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਨਛੱਤਰ ਸਿੰਘ ਰਾਮਨਗਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਵੱਲੋਂ ਡਾ ਸੋਹਨ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਜਗਜੀਤ ਸਿੰਘ ਢਿੱਲਵਾਂ ਆਦਿ ਆਗੂਆਂ ਤੋਂ ਇਲਾਵਾ ਅਲੀ ਖਾਨ , ਸ੍ਰੀ ਰਾਮ, ਮੀਰਾਂ ਰਾਣੀ ਅਤੇ ਪਾਰਵਤੀ ਦੇਵੀ ਵੀ ਹਾਜ਼ਰ ਸਨ।