ਬਰਨਾਲਾ, 21 ਅਪ੍ਰੈਲ ( ਸੋਨੀ ਗੋਇਲ )
ਬਜ਼ੁਰਗਾਂ ਨੂੰ ਰਹਿਣ, ਭੋਜਨ, ਡੇਅ ਕੇਅਰ ਸਮੇਤ ਮੈਡੀਕਲ ਸਹੂਲਤਾਂ ਮੁਫ਼ਤ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਤਪਾ ਵਿਖੇ ਸਰਕਾਰੀ ਬਿਰਧ ਆਸ਼ਰਮ ਬਣਾਇਆ ਗਿਆ ਹੈ ਜਿਸ ਦਾ ਰਸਮੀ ਉਦਘਾਟਨ ਪਿਛਲੇ ਦਿਨੀਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਲੋਂ ਕੀਤਾ ਗਿਆ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੱਟਰ ਪੱਤੀ, ਢਿੱਲਵਾਂ ਰੋਡ, ਤਪਾ ਵਿਖੇ ਸ਼ੁਰੂ ਕੀਤੇ ਬਿਰਧ ਆਸ਼ਰਮ ਵਿਚ 7 ਬਜ਼ੁਰਗ ਵਧੀਆ ਤਰੀਕੇ ਨਾਲ ਰਹਿ ਰਹੇ ਹਨ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਰਿਹਾਹਿਸ਼, ਭੋਜਨ, ਮੈਡੀਕਲ ਸਹੂਲਤਾਂ ਮੁਫ਼ਤ ਹਨ।
ਇਸ ਤੋਂ ਇਲਾਵਾ ਇਕ ਵੱਖਰੀ ਡੇ ਕੇਅਰ ਇਮਾਰਤ ਵੀ ਬਣਾਈ ਗਈ ਹੈ, ਜਿੱਥੇ ਆਸ – ਪਾਸ ਦੇ ਬਜ਼ੁਰਗ ਦਿਨ ਵੇਲੇ ਆਪਣਾ ਸਮਾਂ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਦੇਖ-ਭਾਲ ਲਈ ਸੁਪਰਡੈਂਟ, ਕਲੈਰੀਕਲ ਸਟਾਫ਼, ਰਸੋਈਆ, ਸਫਾਈ ਸੇਵਕ, ਸੁਰਖਿਆ ਗਾਰਡ ਸਮੇਤ ਹੋਰ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਲੋੜ ਅਨੁਸਾਰ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਜੋ ਵੀ ਲੋੜਵੰਦ ਬਜ਼ਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ, ਉਹ ਆਪਣਾ ਆਧਾਰ ਕਾਰਡ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਤਹਿਸੀਲ ਕੰਪਲੈਕਸ ਵਿਚ ਬਣੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 0167929110, 9780356117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।