ਬਠਿੰਡਾ 03 ਮਈ (ਜਸਵੀਰ ਸਿੰਘ ਕਸਵ)
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੁੱਢਾ ਦਲ ਦੇ ਬਾਰਵੇਂ ਜਥੇਦਾਰ ਰਹੇ ਮਹਾਨ ਤਪੱਸਵੀ ਅਤੇ ਪੰਥ ਦੀ ਬੇਹਤਰੀ ਲਈ ਰਾਤ ਦਿਨ ਜੂਝਣ ਵਾਲੇ ਸਿੰਘ ਸਾਹਿਬ ਬਾਬਾ ਚੇਤ ਸਿੰਘ ਜੀ ਦੀ 57ਵੀਂ ਸਲਾਨਾ ਬਰਸੀ ਅਤੇ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ ਜਥੇਦਾਰ ਬਾਬਾ ਸੰਤਾ ਸਿੰਘ ਜੀ ਅਕਾਲੀ ਦੀ 17ਵੀਂ ਸਲਾਨਾ ਬਰਸੀ ਮਨਾਉਣ ਲਈ ਨਿਹੰਗ ਸਿੰਘ ਦਲਾਂ, ਪੰਥਕ ਸਨੇਹੀਆਂ, ਵੱਖ-ਵੱਖ ਸੰਪਰਦਾਵਾਂ ਅਤੇ ਸੰਤ ਮਹਾਪੁਰਸ਼ਾਂ ਨੂੰ ਸੱਦਾ ਪੱਤਰ ਭੇਜ ਕੇ ਬਰਸੀ ਦੇ ਗੁਰਮਤਿ ਸਮਾਗਮਾਂ ਵਿੱਚ 9 ਮਈ ਨੂੰ ਵੱਧ ਚੜ੍ਹ ਕੇ ਪੁੱਜਣ ਲਈ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਬੇਰ ਸਾਹਿਬ (ਦੇਗਸਰ ਸਾਹਿਬ) ਪਾ:ਦਸਵੀਂ, ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਛਾਉਣੀ ਬੁੱਢਾ ਦਲ ਵਿਖੇ 7 ਮਈ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋ ਜਾਣਗੇ ਅਤੇ 9 ਮਈ ਨੂੰ ਸਵੇਰੇ 10:30 ਵਜੇ ਤੇ ਭੋਗ ਉਪਰੰਤ ਗੁਰਮਤਿ ਸਮਾਗਮ ਹੋਣਗੇ। ਧਾਰਮਿਕ ਦੀਵਾਨ ਸਮੇਂ ਗੁਰੂਘਰ ਦੇ ਮਹਾਨ ਰਾਗੀ, ਢਾਡੀ, ਪ੍ਰਚਾਰਕ, ਸੰਤ ਜਨ ਗੁਰੂ ਜਸ ਰਾਹੀਂ ਇਨ੍ਹਾਂ ਮਹਾਨ ਜਰਨੈਲਾਂ ਨੂੰ ਭਾਵ ਭਿੰਨੀ ਸਰਧਾਂਜਲੀ ਅਰਪਣ ਕਰਨਗੇ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਉਘੇ ਸਿੱਖ ਵਿਦਵਾਨ ਦਿਲਜੀਤ ਸਿੰਘ ਬੇਦੀ ਵੱਲੋਂ ਤਿਆਰ ਕੀਤੀ ਪੁਸਤਕ “ਬੁੱਢਾ ਦਲ ਜਥੇਦਾਰ ਸਾਹਿਬਾਨਾਂ ਦਾ ਜੀਵਨ ਸੰਗ੍ਰਹਿ” ਰਲੀਜ਼ ਕੀਤੀ ਜਾਵੇਗੀ। ਜਥੇ: ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਸੱਦੇ ਪੱਤਰ ਵੱਖ-ਵੱਖ ਥਾਵਾਂ ਤੇ ਪਹੁੰਚਾਉਣ ਲਈ ਬੁੱਢਾ ਦਲ ਦੇ ਸਿੰਘਾਂ ਦੀ ਜੁੰਮੇਵਾਰੀ ਲਾ ਦਿਤੀ ਗਈ ਹੈ। ਉਨ੍ਹਾਂ ਇਸ ਮੌਕੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਨੂੰ ਵੱਧ ਚੱੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਲਈ ਹਾਰਦਿਕ ਅਪੀਲ ਕੀਤੀ।
Posted By SonyGoyal