ਭਦੌੜ,19 ਮਈ ( ਮਨਿੰਦਰ ਸਿੰਘ)
ਕਿਹਾ, ਨਸ਼ਾ ਤਸਕਰਾਂ ਦੇ ਘਰ ਪੀਲਾ ਪੰਜਾ ਚਲਾ ਕੇ ਢਾਹੇ ਜਾ ਰਹੇ ਹਨ ਨਸ਼ਾ ਮੁਕਤੀ ਯਾਤਰਾ ਪਹੁੰਚੀ ਪਿੰਡ ਜੰਗੀਆਣਾ, ਛੰਨਾ ਗੁਲਾਬ ਸਿੰਘ ਵਾਲਾ ਤੇ ਭਦੌੜ

ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ।
ਸਰਕਾਰ ਨੇ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਿਆ ਹੈ ਜਿਸ ਤਹਿਤ ਕਈ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ।
ਨਾਲ ਹੀ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾ ਕੇ ਨਸ਼ਿਆਂ ਦੀ ਆਮਦਨ ਤੋਂ ਬਣੀਆਂ ਇਮਾਰਤਾਂ ਢਾਹੀਆਂ ਜਾ ਰਹੀਆਂ ਹਨ, ਕਿਉਂਕਿ ਨਸ਼ਿਆਂ ਪ੍ਰਤੀ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ ਹੈ।
ਭਦੌੜ ਵਿਧਾਇਕ ਸ਼੍ਰੀ ਲਾਭ ਸਿੰਘ ਉੱਗੋਕੇ ਨੇ ਇਸ ਗੱਲ ਦਾ ਪ੍ਰਗਟਾਵਾ ਪਿੰਡ ਜੰਗੀਆਣਾ ਵਿਖੇ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਸ਼੍ਰੀ ਉੱਗੋਕੇ ਨੇ ਪਿੰਡ ਜੰਗੀਆਣਾ ਤੋਂ ਇਲਾਵਾ ਛੰਨਾ ਗੁਲਾਬ ਸਿੰਘ ਵਾਲਾ ਅਤੇ ਵਾਰਡ ਨੰਬਰ 5 ਭਦੌੜ ਵਿਖੇ ਵੀ ਨਸ਼ਾ ਮੁਕਤੀ ਯਾਤਰਾਵਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਨਸ਼ੇ ਤੋਂ ਪੀੜਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਨਸ਼ਿਆਂ ਵਰਗੀਆਂ ਅਲਾਮਤਾਂ ਲਈ ਕੋਈ ਥਾਂ ਨਹੀਂ ।
ਲੋਕਾਂ ਨੂੰ ਇਸ ਲੋਕ ਲਹਿਰ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।
ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖੇਡਾਂ ਦਾ ਹਿੱਸਾ ਬਣਨ ਅਤੇ ਪੰਜਾਬ ਸਰਕਾਰ ਦੀ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਉੱਦਮ ਦਾ ਹਿੱਸ ਬਣਨ।
ਖੇਡਾਂ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਨਵੀਂ ਦਸ਼ਾ ਅਤੇ ਦਿਸ਼ਾ ਮਿਲਦੀ ਹੈ ਜਿਸ ਨਾਲ ਉਨ੍ਹਾਂ ਦੀ ਊਰਜਾ ਸਹੀ ਥਾਂ ਉੱਤੇ ਲੱਗਦੀ ਹੈ।
ਸ਼੍ਰੀ ਉੱਗੋਕੇ ਨੇ ਕਿਹਾ ਕਿ ਜੇ ਕਰ ਕੋਈ ਵੀ ਨਸ਼ਾ ਪੀੜਤ ਵਿਅਕਤੀ ਮਿਲਦਾ ਹੈ ਤਾਂ ਪਿੰਡਾਂ ਦੇ ਪਹਿਰੇਦਾਰ ਬਣੇ ਪਿੰਡ ਡਿਫੈਂਸ ਕਮੇਟੀ ਦੇ ਮੈਂਬਰ ਇਨ੍ਹਾਂ ਪੀੜਤਾਂ ਨੂੰ ਇਲਾਜ ਲਈ ਨੇੜੇ ਦੇ ਸਰਕਾਰੀ ਨਸ਼ਾ ਛੁਡਾਓ ਕੇੰਦਰ ਵਿਖੇ ਦਾਖ਼ਲ ਕਰਵਾਉਣ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ।
ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਵੈ ਰੁਜ਼ਗਾਰ ਦੇ ਮੌਕੇ ਲੱਭਣ ਜਿਵੇਂ ਕਿ ਪਿੰਡ ਦੀਆਂ ਔਰਤਾਂ ਆਪਣੇ ਪੱਧਰ ਉੱਤੇ ਸਵੈ ਰੁਜ਼ਗਾਰ ਗਰੁੱਪ ਬਣਾ ਕੇ ਸਰਕਾਰ ਦੀ ਮਦਦ ਨਾਲ ਹੱਥੀਂ ਬਣੀਆਂ ਚੀਜ਼ਾਂ ਵੇਚਣ।
Posted By SonyGoyal