ਲੁਧਿਆਣਾ 21 ਮਈ (ਮਨਿੰਦਰ ਸਿੰਘ)
ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਪੂਰੇ ਡੀਸੀ ਦਫਤਰ ਵਿੱਚ ਹੜਕੰਪ ਮਚ ਗਿਆ।
ਧਮਕੀ ਤੋਂ ਬਾਅਦ ਡੀਸੀ ਨੇ ਪੁਲਿਸ ਕਮਿਸ਼ਨਰ ਨੂੰ ਸੂਚਿਤ ਕੀਤਾ ਅਤੇ ਲੁਧਿਆਣਾ ਦੀ ਪੁਲਿਸ ਅਲਰਟ ਮੋਡ ਦੇ ਵਿੱਚ ਨਜ਼ਰ ਆਈ।
ਜਿੱਥੇ ਪੁਲਿਸ ਟੀਮਾਂ ਵੱਲੋਂ ਡੀਸੀ ਦਫਤਰ ਦੇ ਵਿੱਚ ਚੱਪੇ ਚੱਪੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ ਬੰਬ ਵਿਰੋਧੀ ਦਸਤੇ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚੀਆਂ ਹਨ।
ਉਨ੍ਹਾਂ ਵੱਲੋਂ ਵੀ ਹੋਰ ਇੱਕ ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ ਕਿ ਲੋਕਾਂ ਵਿੱਚ ਦਹਿਸ਼ਤ ਨਾ ਫੈਲੇ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਡੀਸੀ ਦਫਤਰ ਵਿਖੇ ਕੰਮ ਕਰਵਾਉਣ ਲਈ ਪਹੁੰਚਦੇ ਹਨ।
ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਦੱਸਿਆ ਕਿ, ‘ਸਵੇਰੇ 9 ਵਜੇ ਤੋਂ ਬਾਅਦ ਇੱਕ ਈਮੇਲ ਪ੍ਰਾਪਤ ਹੋਈ ਸੀ, ਜਿਸ ਵਿੱਚ ਲਿਖਿਆ ਸੀ ਕਿ ਆਰਡੀਐਕਸ ਨਾਲ ਡੀਸੀ ਦਫਤਰ ਨੂੰ ਉੱਡਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਈਮੇਲ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤਾ ਗਿਆ।
ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲੋਕਾਂ ਵਿੱਚ ਪੈਨਿਕ ਨਾ ਫੈਲੇ ਇਸ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਮਾਮਲੇ ਦੀ ਸਾਈਬਰ ਜਾਂਚ ਵੀ ਕਰਵਾਈ ਜਾ ਰਹੀ ਹੈ ਕਿ ਮੇਲ ਕਿਸ ਜਗ੍ਹਾ ਤੋਂ ਆਈ ਹੈ ਅਤੇ ਕਿਸ ਨੇ ਭੇਜੀ ਹੈ, ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਹੋਵੇਗੀ।
ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਇਸ ਮਾਮਲੇ ਤੋਂ ਬਾਅਦ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਘਬਰਾਏ ਹੋਏ ਵਿਖਾਈ ਦਿੱਤੇ।
ਮੁਲਾਜ਼ਮਾਂ ਨੇ ਹਾਲਾਂਕਿ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਪੁਲਿਸ ਚੈਕਿੰਗ ਕਰਦੀ ਨਜ਼ਰ ਆਈ।
ਡੀਸੀ ਦਫਤਰ ਦੇ ਵੱਖ ਵੱਖ ਵਿਭਾਗਾਂ ਵਿੱਚ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ।
ਹਾਲਾਂਕਿ ਫਿਲਹਾਲ ਕੁੱਝ ਵੀ ਨਹੀਂ ਮਿਲਿਆ ਹੈ।
ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਧਮਕੀ ਦਿੱਤੀ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ।
ਡੀਸੀ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਂ।
ਅਸੀਂ ਪੂਰੀ ਤਰਾਂ ਚੌਕਸ ਹਾਂ ਅਤੇ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ।
Posted By SonyGoyal