ਬਰਨਾਲਾ, 23 ਮਈ (ਮਨਿਦੰਰ ਸਿੰਘ)
ਪੰਜਾਬ ਵਿੱਚ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਹੋ ਰਿਹਾ ਹੈ।
ਖਾਸ ਕਰ ਕੇ ਪੰਜਾਬ ਵਿੱਚ ਸਭ ਤੋਂ ਵੱਧ ਬਠਿੰਡਾ ਗਰਮ ਚੱਲ ਰਿਹਾ ਹੈ।
ਬਠਿੰਡਾ ਦੇ ਨਾਲ ਲੱਗਦਾ ਬਰਨਾਲਾ ਚ ਬੇਸ਼ੱਕ ਗਰਮੀ ਤੋਂ ਰਾਹਤ ਦੇਣ ਵਾਲੀਆਂ ਹਵਾਵਾਂ ਨਾਲ ਮੌਸਮ ਦਾ ਮਜ਼ਾਜ ਬਦਲਿਆ ਰਿਹਾ ਪਰ ਮੌਸਮ ਵਿਭਾਗ ਮੁਤਾਬਿਕ ਹੁਣ ਤੱਕ ਬਠਿੰਡਾ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਹੈ।
ਇਸ ਤੋਂ ਇਲਾਵਾ ਇੱਥੇ ਬਠਿੰਡਾ ਚ ਲੂ ਚੱਲ ਰਹੀ ਹੈ।
ਇਸ ਲੂ ਕਾਰਨ ਬੱਚੇ ਅਤੇ ਬਜ਼ੁਰਗ ਵੱਧ ਪ੍ਰਭਾਵਿਤ ਹੁੰਦੇ ਹਨ।
ਗਰਮੀ ਕਾਰਨ ਆਮ ਜਨ ਜੀਵਨ ਜਿੱਥੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮਨੁੱਖੀ ਜੀਵਨ ਹੀਟਸਟ੍ਰੋਕ (ਲੂ) ਹੁਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਹੀਟਸਟ੍ਰੋਕ ਤੋਂ ਬਚਣ ਲਈ ਡਾਕਟਰਾਂ ਵੱਲੋਂ 12 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਾਹਰ ਨਿਕਲਣ ਤੋਂ ਗਰੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਇਸ ਸਮੇਂ ਤਾਪਮਾਨ ਪੂਰੇ ਸਿਖਰ ਉੱਤੇ ਹੁੰਦਾ ਹੈ ਅਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਮਨੁੱਖੀ ਸਿਹਤ ਉੱਤੇ ਅਸਰ ਪਾਉਂਦੀਆਂ ਹਨ।
ਲੂ ਤੋਂ ਕਿਵੇਂ ਬਚਣਾ ਹੈ ਜਾਂ ਲੂ ਦਾ ਸ਼ਿਕਾਰ ਹੋ ਜਾਣ ਉੱਤੇ ਕੀ ਕਰਨਾ ਹੈ, ਇਸ ਬਾਰੇ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਸਿਵਲ ਹਸਪਤਾਲ ਦੇ ਮਾਹਿਰ ਡਾਕਟਰ ਕੋਲ ਪਹੁੰਚੀ।
ਇੱਥੇ ਬੱਚਿਆਂ ਦੇ ਮਾਹਿਰ ਡਾਕਟਰ ਰਾਹੁਲ ਮਦਾਨ ਨੇ ਦੱਸਿਆ ਨੇ ਇਨੀਂ ਦਿਨੀਂ ਤਾਪਮਾਨ ਤੇਜ਼ੀ ਨਾਲ ਵਧਿਆ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿਚ ਵੀ ਇਜ਼ਾਫਾ ਹੋਇਆ ਹੈ।
ਇਸ ਦੌਰਾਨ ਲੂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੇ ਵਿੱਚ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤਾਂ ਜੋ ਲੂ ਜਾਨਲੇਵਾ ਰੂਪ ਧਾਰਨ ਨਾ ਕਰੇ।
ਲੂ ਲੱਗਣ ਨਾਲ ਕੀ ਹੁੰਦਾ ਡਾਕਟਰ ਰਾਹੁਲ ਮਦਾਨ ਨੇ ਦੱਸਿਆ ਕਿ ਗਰਮੀ ਲੱਗਣ ਨਾਲ ਮਨੁੱਖ ਦਾ ਬਲੱਡ ਪ੍ਰੈਸ਼ਰ ਘਟਣ ਦਾ ਡਰ ਬਣਿਆ ਰਹਿੰਦਾ ਹੈ।
ਜੇਕਰ ਕੋਈ ਵਿਅਕਤੀ ਗਰਮੀ ਦੀ ਲਪੇਟ ਵਿੱਚ ਆ ਜਾਂਦਾ ਹੈ, ਤਾਂ ਉਸ ਦੇ ਦਿਮਾਗ ਨੂੰ ਖੂਨ ਦੀ ਸਪਲਾਈ ਬੰਦ ਹੋਣ ਕਾਰਨ ਚੱਕਰ ਆਉਣ ਲੱਗਦੇ ਹਨ ਅਤੇ ਬੇਹੋਸ਼ੀ ਦੀ ਹਾਲਤ ਵਿਚ ਚਲਾ ਜਾਂਦਾ ਹੈ।
ਅਜਿਹਾ ਇਸ ਕਾਰਨ ਹੁੰਦਾ ਹੈ ਕਿ ਸੂਰਜ ਦੀ ਰੌਸ਼ਨੀ ਕਾਰਨ ਸਰੀਰ ਦਾ ਤਾਪਮਾਨ ਵਧਦਾ ਹੈ ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੀਲੀਆ, ਹੈਪੀਟਾਇਟਸ ਸੀ, ਹਾਈ ਬੁਖਾਰ, ਖੰਘ ਅਤੇ ਜ਼ੁਕਾਮ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਨ੍ਹਾਂ ਚੀਜ਼ਾਂ ਦਾ ਰੱਖੋ ਖਾਸ ਧਿਆਨ
ਡਾਕਟਰ ਰਾਹੁਲ ਮਦਾਨ ਨੇ ਕਿਹਾ, ਕਿ ਲੋਕਾਂ ਨੂੰ 12 ਵਜੇ ਤੋਂ 6 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਜੇਕਰ ਮਜਬੂਰੀ ਵੱਸ ਉਨ੍ਹਾਂ ਨੂੰ ਬਾਹਰ ਨਿਕਲਣਾ ਪਵੇ, ਤਾਂ ਚਾਰ ਪਹੀਆ ਵਾਹਨ ਦੀ ਵਰਤੋਂ ਕਰਨ ਅਤੇ ਦੋ ਪਹੀਆ ਵਾਹਨ ਉੱਤੇ ਸਫ਼ਰ ਕਰਨ ਸਮੇਂ ਸਿਰ ਉਪਰ ਗੀਲਾ ਤੋਲੀਆਂ ਜਾਂ ਕੱਪੜਾ ਰੱਖਣ।
ਗਰਮੀ ਲੱਗਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਦਾ ਡਰ ਬਣਿਆ ਰਹਿੰਦਾ ਹੈ।
ਇਸ ਲਈ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਨਿੰਬੂ ਪਾਣੀ, ਲੱਸੀ ਅਤੇ ਓਆਰਐਸ ਦੇ ਘੋਲ ਕੋਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਵੱਧ ਤਾਪਮਾਨ ਵਿੱਚ ਲੂ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ।
ਜੋ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਦਾ ਬੱਲਡ ਪ੍ਰੈਸ਼ਰ ਘੱਟ ਜਾਂਦਾ ਹੈ ਅਤੇ ਬੇਹੋਸ਼ੀ ਵਾਲੀ ਹਾਲਤ ਹੋ ਜਾਂਦੀ ਹੈ।
ਇਸ ਕਰਕੇ ਲੂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।
ਪਾਣੀ ਵੱਧ ਪੀਓ ਅਤੇ ਬਾਹਰ ਬਣੀਆਂ ਚੀਜ਼ਾਂ ਨਾ ਖਾਓ।
ਬੱਚੇ ਅਤੇ ਬਜ਼ੁਰਗ ਸਿਖ਼ਰ ਦੁਪਹਿਰ ਬਾਹਰ ਨਾ ਜਾਣ।
ਫਲਾਂ ਦੇ ਜੂਸ ਦਾ ਸੇਵਨ ਕਰਨ ਨਾਲੋਂ ਫਲ ਖਾਣੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਐਮਰਜੈਂਸੀ ਹੋਣ ਉੱਤੇ ਡਾਕਟਰ ਨਾਲ ਸੰਪਰਕ ਕਰੋ।
Posted By SonyGoyal