ਬਰਨਾਲਾ, 01 ਸਤੰਬਰ ( ਸੋਨੀ ਗੋਇਲ )
ਕਿਹਾ, ਮਾਨ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ
ਸੰਸਦ ਮੈਂਬਰ ਮੀਤ ਹੇਅਰ ਅੰਮ੍ਰਿਤਸਰ ਵਿਚ ਰਾਹਤ ਕਾਰਜਾਂ ਵਿਚ ਜੁਟੇ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ ਅਤੇ ਹਰ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ ਨੇ ਇਥੇ ਹੰਡਿਆਇਆ ਰੋਡ (ਨੇੜੇ ਟੀ ਪੁਆਇੰਟ) ਤੋਂ ਰਾਹਤ ਸਮੱਗਰੀ ਦਾ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿਛਲੇ ਦਿਨੀਂ ਰਾਸ਼ਨ ਅਤੇ ਅੱਜ ਪਸ਼ੂਆਂ ਲਈ ਹਰਾ-ਚਾਰਾ, ਸੁੱਕਾ ਦੁੱਧ ਅਤੇ ਹੋਰ ਸਮੱਗਰੀ ਦਾ ਟਰੱਕ ਭੇਜਿਆ ਜਾ ਰਿਹਾ ਹੈ। ਓਨ੍ਹਾਂ ਕਿਹਾ ਕਿ ਸ੍ਰੀ ਮੀਤ ਹੇਅਰ ਖੁਦ ਵੀ ਅਜਨਾਲਾ ਵਿਚ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ।
ਓਨ੍ਹਾਂ ਕਿਹਾ ਕਿ ਹੜ੍ਹਾਂ ਜਿਹੀ ਕੁਦਰਤੀ ਕਰੋਪੀ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿੱਥੇ ਰਾਸ਼ਨ – ਪਾਣੀ, ਦਵਾਈਆਂ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਜ਼ਰੂਰਤ ਹੈ।
ਓਨ੍ਹਾਂ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਿਸ ਵੇਲੇ ਸਭ ਨੂੰ ਇਕਜੁੱਟ ਹੋ ਕੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਅਤੇ ਹੋਰ ਆਗੂ ਤੇ ਪਤਵੰਤੇ ਹਾਜ਼ਰ ਸਨ।
Posted By Gaganjot Goyal