ਅੰਮ੍ਰਿਤਸਰ 28 ਅਕਤੂਬਰ (ਸਨੀ ਮਹਿਰਾ) ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪ੍ਰਧਾਨ ਮੰਤਰੀ ਨੂੰ ਮਿਲੇ ਸਨਮਾਨਾਂ ਅਤੇ ਤੋਹਫ਼ਿਆਂ ਦੀ ਕੀਤੀ ਜਾ ਰਹੀ ਨਿਲਾਮੀ ’ਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਪ੍ਰੋ. ਸਰਚਾਂਦ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਦਿਆਂ ਧਿਆਨ ਦਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਲਈ ਕੋਈ ਆਮ ਸੰਸਥਾਵਾਂ ਨਹੀਂ ਹਨ, ਇਹ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਹਨ। ਇਨ੍ਹਾਂ ਵੱਲੋਂ ਦਿੱਤੇ ਜਾਂਦੇ ਸਨਮਾਨ ਪੂਰੀ ਕੌਮ ਵੱਲੋਂ ਦਿੱਤੇ ਗਏ ਸਨਮਾਨ ਹਨ। ਪ੍ਰਧਾਨ ਮੰਤਰੀ ਮੋਦੀ ਦੇ ਮਾਰਚ 2015 ਨੂੰ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਆਮਦ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਵਜੋਂ ਦਿੱਤੇ ਗਏ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹਾਂ ਦੀ ਵੈੱਬਸਾਈਟ ‘ਤੇ ਨਿਲਾਮੀ ਦੀਆਂ ਵਸਤਾਂ ’ਚ ਸ਼ਾਮਿਲ ਹੋਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭਾਵੇਂ ਕਿ ਸਿੱਖ ਮੂਰਤੀ ਪੂਜਕ ਨਹੀਂ ਹਨ, ਪਰ ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਵਸਤਾਂ ਦਾ ਬਹੁਤ ਸਨਮਾਨ ਤੇ ਸਤਿਕਾਰ ਕਰਦੇ ਹਨ। ਇਸੇ ਲਈ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸਨਮਾਨ ਦੇਣ ਲਈ ਸਿਰੋਪਾਉ ਤੋਂ ਇਲਾਵਾ ਇਨ੍ਹਾਂ ਵਸਤਾਂ / ਮਾਡਲਾਂ ਦੀ ਚੋਣ ਕੀਤੀ ਜਾਂਦੀ ਹੈ। ਜਿਵੇਂ ਕਿ ਨਿਲਾਮੀ ’ਤੇ ਇਸ ਮਾਡਲ ਬਾਰੇ ਲਿਖਿਆ ਮਿਲਦਾ ਹੈ ਕਿ ’’ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਪ੍ਰਮੁੱਖ ਅਧਿਆਤਮਿਕ ਸਥਾਨ ਹੈ ਅਤੇ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ।’’ ਇਹੀ ਕਾਰਨ ਹੈ ਕਿ ਨਾ ਕੇਵਲ ਗੁਰਦੁਆਰਾ ਸਾਹਿਬਾਨ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਸਗੋਂ ਇਨ੍ਹਾਂ ਦੀਆਂ ਤਸਵੀਰਾਂ ਅਤੇ ਮਾਡਲਾਂ ਦਾ ਵੀ ਸਿੱਖ ਦਿਲ ਤੋਂ ਸਤਿਕਾਰ ਕਰਦੇ ਹਨ। ਇਨ੍ਹਾਂ ਦੀ ਨਿਲਾਮੀ ਜਾਂ ਬੋਲੀ ਲੱਗੇ ਇਸ ਦਾ ਤਸੱਵਰ ਵੀ ਪੀੜਾਦਾਇਕ ਹੈ।

ਮੈ ਇਕ ਨਿਮਾਣੇ ਸਿੱਖ ਵਜੋਂ ਇਹ ਜਾਣਦੇ ਹੋਏ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਵਕਤ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਸਾਹਿਬ ਦੀ ਮਿਹਰ ਸਦਕਾ ਸਿੱਖ ਕੌਮ ਦੀਆਂ ਸੱਧਰਾਂ ਅਤੇ ਅਕਾਂਖਿਆਵਾਂ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰਨ ਵਾਲੇ ਸ੍ਰੀ ਨਰਿੰਦਰ ਮੋਦੀ ਨੂੰ ’’ ਕੌਮੀ ਸੇਵਾ ਅਵਾਰਡ’’ ਨਾਲ ਸਨਮਾਨਿਤ ਕਰਨ ਸਮੇਂ ਸਿੱਖ ਸੰਗਤਾਂ ਲਈ ਵੱਡੀ ਰੱਬੀ ਦਾਤ ਅਤੇ ’ਮਸੀਹਾ’ ਕਹਿ ਕੇ ਵਡਿਆਈ ਇਸੇ ਲਈ ਕੀਤੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਭਾਵਨਾਵਾਂ ਦੀ ਕਦਰ ਕਰਨ ਵਾਲੇ ਹਨ। ਸਿੱਖ ਪੰਥ ਵੱਲੋਂ ਮਿਲੇ ਸਨਮਾਨ ਚਿੰਨ੍ਹ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਉਕਤ ਨਿਲਾਮੀ ਵਿਚੋਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹਟਾ ਲਏ ਜਾਣ ਦੀ ਮੈਂ ਪੁਰਜ਼ੋਰ ਅਪੀਲ ਕਰਦਾ ਹਾਂ। ਯਾਦ ਰਹੇ ਕਿ ਨਿਲਾਮੀ ਦੀਆਂ 912 ਵਸਤਾਂ ’ਚ 23ਏ0404 ਕੋਡ ਦੇ ਤਹਿਤ ਇਸ ਮਾਡਲ ਦੀ ਆਨ ਲਾਈਨ ਨਿਲਾਮੀ 31 ਅਕਤੂਬਰ ਸ਼ਾਮ 5 ਵਜੇ ਤੱਕ ਹੋਣ ਜਾ ਰਹੀ ਹੈ। ਜਿਸ ਦੀ ਕੀਮਤ 2 ਅਕਤੂਬਰ ਨੂੰ 13500 ਰੁਪਏ ਤੋਂ ਸ਼ੁਰੂ ਹੋ ਕੇ ਅੱਜ 11 ਲੱਖ 11ਹਜ਼ਾਰ ਨੂੰ ਪਾਰ ਕਰ ਚੁੱਕੀ ਹੈ।

ਫ਼ੋਟੋ ਕੈਪਸ਼ਨ : ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋ. ਸਰਚਾਂਦ ਸਿੰਘ ਨਾਲ ਆਲਮਬੀਰ ਸਿੰਘ ਸੰਧੂ ਅਤੇ ਅਰੁਣ ਸ਼ਰਮਾ।

Leave a Reply

Your email address will not be published. Required fields are marked *