ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਤਿਆਰ ਕਰਨ ਦੇ ਨਾਮ ਹੇਠ ਸਮਾਂ ਟਪਾ ਰਹੀ ਹੈ ਪੰਜਾਬ ਸਰਕਾਰ : ਪੀ.ਪੀ.ਪੀ.ਐੱਫ
ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਸਾਬਿਤ ਹੋਇਆ ਕਾਗਜੀ ਜੁਮਲਾ : ਪੀ.ਪੀ.ਪੀ.ਐੱਫ
19 ਨਵੰਬਰ ਨੂੰ ਸੰਗਰੂਰ “ਪੈਨਸ਼ਨ ਪ੍ਰਾਪਤੀ ਰੈਲੀ” ਰਾਹੀਂ ਐੱਨ.ਪੀ.ਐੱਸ ਮੁਲਾਜ਼ਮ ਪੰਜਾਬ ਸਰਕਾਰ ਨੂੰ ਦੇਣਗੇ ਸੰਘਰਸ਼ੀ ਚੁਣੌਤੀ : ਪੀ.ਪੀ.ਪੀ.ਐੱਫ
ਬਰਨਾਲਾ, 31 ਅਕਤੂਬਰ ( ) : ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਜਾਰੀ ਕੀਤੇ “ਕਾਗਜ਼ੀ ਨੋਟੀਫਿਕੇਸ਼ਨ” ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਉ ਦਾ ਤਿਉ ਲਟਕਿਆ ਹੋਇਆ ਹੈ। ਜਿਸਦੇ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਬਰਨਾਲਾ ਇਕਾਈ ਦੇ ਸੱਦੇ ਤੇ ਐੱਨ ਪੀ. ਐੱਸ. ਮੁਲਾਜ਼ਮਾਂ ਵੱਲੋਂ ਕਚਹਿਰੀ ਚੌਕ ਬਰਨਾਲਾ ਤੋਂ ਕੈਬੀਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਕੱਢਿਆ ਗਿਆ। ਇਸ ਮੁਜ਼ਾਹਰੇ ਉਪਰੰਤ ਕੈਬਨਿਟ ਮੰਤਰੀ ਦੇ ਨੁਮਾਇੰਦੇ ਨੂੰ ਫਰੰਟ ਵੱਲੋਂ 19 ਨਵੰਬਰ ਦੀ ਸੰਗਰੂਰ ਵਿਖੇ ਕੀਤੀ ਜਾਣ ਵਾਲੀ “ਪੈਨਸ਼ਨ ਪ੍ਰਾਪਤੀ ਰੈਲੀ” ਦਾ ਸੰਘਰਸ਼ੀ ਪੱਤਰ ਵੀ ਦਿੱਤਾ ਗਿਆ।
ਕਚਹਿਰੀ ਚੌਕ ਬਰਨਾਲਾ ਵਿੱਚ ਐੱਨ. ਪੀ. ਐੱਸ. ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਕਨਵੀਨਰ ਰਮਨਦੀਪ ਬਰਨਾਲਾ, ਜਰਨਲ ਸਕੱਤਰ ਅੰਮ੍ਰਿਤ ਹਰੀਗੜ੍ਹ ਅਤੇ ਕੋ ਕਨਵੀਨਰ ਨਿਰਮਲ ਪੱਖੋਂ ਕਲਾਂ ਨੇ ਆਖਿਆ ਕਿ ਪੈਨਸ਼ਨ ਦਾ ਨੋਟੀਫਿਕੇਸ਼ਨ ਕੇਵਲ ਕਾਗਜੀ ਜੁਮਲਾ ਸਾਬਿਤ ਹੋਇਆ ਹੈ। ਕਿਉਂਕਿ ਇਸ ਨਾਲ ਪੰਜਾਬ ਦੇ ਇੱਕ ਵੀ ਐੱਨ. ਪੀ. ਐੱਸ. ਮੁਲਾਜ਼ਮ ਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋ ਸਕੀ ਹੈ। ਪੰਜਾਬ ਸਰਕਾਰ ਵੱਲੋਂ ਐੱਸ.ਓ.ਪੀ ਦਾ ਖਰੜਾ ਤਿਆਰ ਕਰਨ ਲਈ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਅਗਵਾਈ ਵਿੱਚ ਗਠਿਤ ਕੀਤੀ ਸਬ ਕਮੇਟੀ ਦੀ ਹੁਣ ਤੱਕ ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਜਾਰੀ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ।
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂਆਂ ਪੁਨੀਤ ਤਪਾ, ਮਨਮੋਹਨ ਬਰਨਾਲਾ, ਜਗਰਾਜ ਅਕਲੀਆ ਲਾਭ ਅਕਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਕੇਵਲ ਚੁਣਾਵੀ ਪ੍ਰੋਪੇਗੰਡਾ ਕਰ ਰਹੀ ਹੈ ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਨਾ ਹੀ ਐੱਨ.ਪੀ.ਐੱਸ ਕਟੌਤੀ ਹੋਣੀ ਬੰਦ ਹੋਈ ਹੈ ਅਤੇ ਨਾ ਹੀ ਕੋਈ ਜੀ.ਪੀ.ਐੱਫ. ਖ਼ਾਤਾ ਖੋਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੱਧਰ ਦੀਆਂ ਕਮੇਟੀਆਂ ਬਣਾਕੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਹੋਰਨਾਂ ਸੂਬਿਆਂ ਵਿੱਚ ਸਿਆਸੀ ਲਾਹਾ ਲੈਣ ਲਈ,ਪੰਜਾਬ ਵਿੱਚ ਕੀਤੀ ਕਥਿਤ ਪੁਰਾਣੀ ਪੈਨਸ਼ਨ ਦੀ ਬਹਾਲੀ, ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।ਉਹਨਾਂ ਕੇਂਦਰੀ ਮੋਦੀ ਸਰਕਾਰ ਵੱਲੋਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਮਣਾਂਮੂੰਹੀ ਮੁਨਾਫ਼ਿਆਂ ਦੀ ਰਾਖੀ ਲਈ ਪੁਰਾਣੀ ਪੈਨਸ਼ਨ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਵੀ ਸਖ਼ਤ ਨਿਖੇਧੀ ਕੀਤੀ।ਉਹਨਾਂ ਕਿਹਾ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਐੱਨ.ਪੀ.ਐੱਸ ਮੁਲਾਜ਼ਮ ਸੰਗਰੂਰ “ਪੈਨਸ਼ਨ ਪ੍ਰਾਪਤੀ ਰੈਲੀ” ਰਾਹੀਂ ਸਰਕਾਰ ਨੂੰ ਸੰਘਰਸ਼ੀ ਚੁਣੌਤੀ ਦੇਣਗੇ।
ਰੋਸ ਮਾਰਚ ਵਿੱਚ ਭਰਾਤਰੀ ਜਥੇਬੰਦੀਆਂ ਡੇਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਤੋਂ ਖੁਸ਼ਵਿੰਦਰ ਪਾਲ ਅਤੇ ਬਲਜਿੰਦਰ ਪ੍ਰਭੂ ,ਡੇਮੋਕ੍ਰੇਟਿਕ ਟੀਚਰ ਫਰੰਟ ਤੋਂ ਰਾਜੀਵ ਬਰਨਾਲਾ,ਨਿਰਮਲ ਚੁਹਾਣਕੇ , ਕੰਪਿਊਟਰ ਅਧਿਆਪਕ ਯੂਨੀਅਨ ਤੋਂ ਪ੍ਰਦੀਪ ਕੁਮਾਰ ਅਤੇ ਰਾਧੇ ਸ਼ਿਆਮ, ਨਵਨੀਤ ਸਿੰਘ ਆਟੀ ਟੀ ਆਈ ਯੂਨੀਅਨ, ਪੀ ਟੀ ਆਈ ਯੂਨੀਅਨ ਤੋਂ ਸੁਖਦੀਪ ਬਰਨਾਲਾ ਪਟਵਾਰੀ ਯੂਨੀਅਨ ਤੋਂ ਦਵਿੰਦਰ ਨਹਿਰੀ ਪਟਵਾਰ ਯੂਨੀਅਨ ਬਿਜਲੀ ਬੋਰਡ MUO ਤੋਂ ਗੁਰਮੇਲ ਸਿੰਘ ਅਤੇ ਮੈਡਮ ਸੁਖਵਿੰਦਰ ਕੌਰ, ਮੈਡਮ ਨਵਜੋਤ ਕੌਰ ਆਦਿ ਮੌਜੂਦ ਸਨ।